ਤੇਰੇ ਸ਼ਿਅਰਾਂ ਚੋਂ

ਤੇਰੇ ਸ਼ਿਅਰਾਂ ਚੋਂ
ਬੋ ਆ ਰਹੀ ਏ
ਜੰਗਲ਼ੀ ਸੂਰਾਂ ਦੇ ਮਾਸ ਤੇ ਸਸਤੀ ਸ਼ਰਾਬ ਦੀ
ਮੈਂ ਤੇਰੀ ਪਹਿਲੀ ਨਜ਼ਮ ਪੜ੍ਹੀ ਸੀ
ਨਹੀਂ.......!
ਮਾਫ਼ੀ ਚਾਹਨਾਂ
ਸਗੋਂ ਸੁਣੀ ਸੀ
ਤੇ
ਇੰਜ ਲੱਗਿਆ ਸੀ ਜਿਵੇਂ
ਤੇਰੇ ਗੁਮਨਾਮ ਹੋਠਾਂ ਦੇ ਬਾਰੀਕ ਵਰਕਿਆਂ ਤੇ ਲੀਕ ਵੱਜੀ ਏ
ਕਿਸੀ ਪੁਰਾਣੀ ਕਿਤਾਬ ਦੀ
ਬੇਵਕਤ ਦੀ ਸ਼ਾਮ ਦੀ ਲਾਲੀ ਤੋਂ ਡਰ ਲੱਗੇ
ਤੇ ਕਦੀ
ਸ਼ੀਸ਼ਾ ਵੇਖੀਂ
ਇਕ, ਦੋ, ਤਿੰਨ, ਚਾਰ ਨਹੀਂ
ਰੰਗਾਂ ਦਾ ਖਿਲਾਰ ਨਜ਼ਰ ਆਵੇਗਾ
ਕਿਤੇ ਪੀਲ਼ਾ ਕਿਤੇ ਨੀਲਾ ਸਮੁੰਦਰਾਂ ਦੇ ਜ਼ਹਿਰ ਵਰਗਾ
ਕਿਤੇ ਲਾਲ਼ ਕਿਤੇ ਕਾਲ਼ਾ ਜੰਗਲਾਂ ਦੇ ਕਹਿਰ ਵਰਗਾ
ਸੱਤ ਰੰਗੇ ਫੁੱਲਾਂ ਨੂੰ ਕੌਣ ਛੱਡਦਾ ਹੈ
ਇਕ ਜ਼ਮਾਨਾ ਚੁੰਮਦਾ ਹੈ
ਗਲੇ ਦਾ ਹਾਰ ਮਿਥਦਾ ਹੈ
ਗੱਲ ਤੇ ਬੇ ਰੰਗੇ ਦੀ ਹੈ
ਬੇ ਰੰਗੇ ਹੱਥ ਹੋਵਣ
ਤੇ
ਸ਼ਗਨਾਂ ਦੀ ਮਹਿੰਦੀ ਲਾਣ ਲਈ
ਕਿਸੇ ਦਾ ਲਹੂ ਨਹੀਂ ਕੱਢੀ ਦਾ
ਕਿਸੇ ਦਾ ਹੱਥ ਨਹੀਂ ਵੱਢੀ ਦਾ
ਮੈਂ ਤੈਨੂੰ
ਤੇਰੇ ਤ੍ਰਿਖੇ ਨੱਕ ਦੇ ਕੋਕੇ ਤੋਂ ਸਾਲ ਪਹਿਲੇ ਦਾ ਜਾਣਨਾ ਵਾਂ
ਓਦੋਂ ਤੂੰ ਸਾਫ਼ ਹੱਸਦੀ ਸੇਂ
ਓਦੋਂ ਉਹ ਕੋਲ਼ ਬਹਿੰਦਾ ਸੀ
ਓਦੋਂ ਤੂੰ ਦੂਰ ਨੱਸਦੀ ਸੇਂ
ਤੇਰੀਆਂ ਸੰਦਲੀ ਬਾਂਹਵਾਂ ਦੀਆਂ ਚੂੜੀਆਂ ਟੁੱਟਣ ਦਾ ਦੁੱਖ
ਵੱਡਾ ਦੁੱਖ ਏ
ਪਰ ਇਹਦਾ ਮਤਲਬ ਰੁਕ ਜਾਣਾ ਤੇ ਨਹੀਂ ਨਾਂ
ਪੁਰਾਣੇ ਕਿੱਕਰਾਂ ਦੀਆਂ ਟਹਿਣੀਆਂ ਤਰ੍ਹਾਂ ਸੁੱਕ ਜਾਣਾ ਤੇ ਨਹੀਂ ਨਾਂ
ਖ਼ੈਰ ਛੱਡੋ
ਤੁਹਾਡੀ ਆਪਣੀ ਜ਼ਿੰਦਗੀ ਏ
ਤੁਸਾਂ ਨੇ ਆਪ ਜੀਨੀ ਹੈ
ਜੋ ਦਿਲ ਆਏ ਕਰੋ
ਪਰ ਸ਼ਿਅਰ......!
ਕਸਮ ਏ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੀ
ਘਰ ਦੇ ਨਿਆਣਿਆਂ ਤਰ੍ਹਾਂ ਹੁੰਦਾ ਏ
ਲੈ ਕੇ ਪਾਲਣ ਤੇ ਕੁੱਖੋਂ ਜੰਮਣ ਚ ਫ਼ਰਕ ਹੁੰਦਾ ਏ.........!