ਬੈਠ ਜ਼ਰਾ ਮੈਂ ਅੱਖ ਦੀ ਬਾਰੀ ਭੇੜ ਦਿਆਂ

ਬੈਠ ਜ਼ਰਾ ਮੈਂ ਅੱਖ ਦੀ ਬਾਰੀ ਭੇੜ ਦਿਆਂ
ਫ਼ਿਰ ਹੋਠਾਂ ਤੇ ਰਾਗ ਪਹਾੜੀ ਛੇੜ ਦਿਆਂ

ਤੇਰੇ ਲਈ ਤੇ ਬੁਣ ਬੁਣ ਝੱਲਿਆ ਰੱਖੇ ਸੀ
ਹੁਣ ਕਹਿਣਾਂ ਏਂ ਸਾਰੇ ਖ਼ਾਬ ਉਧੇੜ ਦਿਆਂ

ਨੀਵਾਂ ਹਾਂ ਤੇ ਨੀਵੇਂ ਪਾਸੇ ਬੈਠਾ ਹਾਂ
ਤੇਰੇ ਪਾਸੇ ਕਿੰਜ ਹਯਾਤੀ ਰੇਹੜ ਦਿਆਂ

ਘੁੰਮ ਰਿਹਾ ਹੈ ਰੁਕ ਰੁਕ ਚੱਕਾ ਸਾਹਵਾਂ ਦਾ
ਵੱਸ ਚਲੇ ਤੇ ਇਕੋ ਵਾਰੀ ਗੇੜ ਦਿਆਂ

ਮੈਂ ਚਾਹਨਾ ਵਾਂ ਹਾਲੀ ਵਕਤ ਲੰਘਾ ਲਈਏ
ਤੂੰ ਚਾਹਨਾ ਏਂ ਸਾਰੀ ਹੁਣੇ ਨਬੇੜ ਦਿਆਂ