ਰੂਹੀ ਵਿਚ ਖਲੋਤੇ ਰੁੱਖ ਨੂੰ ਵਡ੍ਹਨ ਦਾ

ਰੂਹੀ ਵਿਚ ਖਲੋਤੇ ਰੁੱਖ ਨੂੰ ਵਡ੍ਹਨ ਦਾ
ਤੈਨੂੰ ਪੂਰਾ ਹੱਕ ਏ ਮੈਨੂੰ ਛੱਡਣ ਦਾ

ਮੇਰੇ ਵੱਲ ਨਾ ਵੇਖ ਨਸੀਬਾਂ ਵਾਲੜਈਏ
ਫ਼ੈਦਾ ਕੀ ਏ ਥਲ ਵਿਚ ਕਣਕਾਂ ਗੱਡਣ ਦਾ

ਹੰਝੂ ਰੋਕ ਕੇ ਹਾਸੇ ਬੰਨ ਲੈ ਪਲਕਾਂ ਤੇ
ਕੁੱਝ ਨਹੀਂ ਲੱਭਣਾ ਇਥੋਂ ਹੰਝੂ ਕੱਢਣ ਦਾ

ਉਹਨੇ ਹਰ ਇਕ ਮੋੜ ਤੇ ਮੈਨੂੰ ਛੱਡਿਆ ਸੀ
ਮੈਨੂੰ ਵੱਲ ਨਹੀਂ ਆਇਆ ਉਹਨੂੰ ਛੱਡਣ ਦਾ

ਜਿੰਨੇ ਦੂਰੋਂ ਵੇਖ ਕੇ ਬੂਹਾ ਭੇੜ ਲਿਆ
ਮੁਲ ਕੀ ਪੈਣਾ ਓਥੇ ਝੋਲ਼ੀ ਅੱਡਣ ਦਾ