ਉਹਦੀ ਚੜ੍ਹਤ ਚਿਨਾਰਾਂ ਵਰਗੀ

ਉਹਦੀ ਚੜ੍ਹਤ ਚਿਨਾਰਾਂ ਵਰਗੀ
ਉਂਜ ਤੇ ਨਾਰ ਏ ਨਾਰਾਂ ਵਰਗੀ

ਜਦ ਵੀ ਕੋਲੋਂ ਲੰਘ ਜਾਂਦੀ ਏ
ਖ਼ੁਸ਼ਬੂ ਸੁੱਟੇ ਹਾਰਾਂ ਵਰਗੀ

ਸਰਦੀ ਵਿਚ ਏ ਅੱਗ ਦਾ ਚਾਨਣ
ਗਰਮੀ ਵਿਚ ਫੁਆਰਾਂ ਵਰਗੀ

ਓਹ ਜੇ ਬੋਲੇ ਬਾਅਦ ਦੀ ਗੱਲ ਏ
ਉਹਦੀ ਚੁੱਪ ਸਿਤਾਰਾਂ ਵਰਗੀ

ਲੱਖ ਤੇ ਖ਼ੌਰੇ ਬਹੁਤਾ ਹੋਵੇ
ਲਗਦੀ ਨਈਂ ਹਜ਼ਾਰਾਂ ਵਰਗੀ

ਲੋਕਾਂ ਲਈ ਓਹ ਸਾੜ ਤੇ ਛਾਲਾ
ਓਹ ਸਾਲਾਰ ਨੂੰ ਠਾਰਾਂ ਵਰਗੀ