ਕੂੰਜ ਆਪਣੀ ਛਾਂ ਲੈ ਕੇ ਉੱਡ ਗਈ

ਅੱਖਾਂ ਕੀ ਨੇਂ, ਲਹਿਰਾਂ ਨੇਂ
ਮੌਤ ਕੀ ਖ਼ੈਰ ਮੰਗਣ ਆਂਦੀ ਮੇਰੇ ਘਰ
ਬੇ ਜ਼ਮੀਰ ਇੱਟਾਂ ਰਹਿੰਦੀਆਂ ਮੇਰੇ ਘਰ
ਵੇਖਾਂ ਤੇ ਫ਼ਿਰ ਵੇਖਦੀ ਜਾਵਾਂ ਲਹੂ ਦੇ ਨੰਗੇ ਪੈਰ
ਅੱਖਾਂ ਕੀ ਨੇਂ, ਲਹਿਰਾਂ ਨੇਂ

ਮਨ ਮੁੱਕ ਜਾਵੇ ਤੇ ਇਨਸਾਨ ਕਿੰਨਾ ਸੁੰਨਸਾਨ ਹੋ ਜਾਂਦਾ ਏ
ਵੇਖਾਂ ਕੀ
ਅੱਖਾਂ ਕੀ ਨੇਂ, ਲਹਿਰਾਂ ਨੇਂ

ਲਹੂ ਦੀ ਟਾਕੀ ਚਾਦਰ ਵਾਸਤੇ ਕਾਫ਼ੀ ਨਹੀਂ ਹੁੰਦੀ
ਪੈਰ ਨੰਗੇ ਰਹਿ ਜਾਂਦੇ ਨੇਂ
ਭੁੱਖ ਨੰਗੀ ਰਹਿ ਜਾਂਦੀ ਏ
ਅੱਖ ਨੰਗੀ ਰਹਿ ਜਾਂਦੀ ਏ
ਅੱਖਾਂ ਕੀ ਨੇਂ, ਲਹਿਰਾਂ ਨੇਂ

ਇਲਮ ਕਮਾ ਕੇ ਦਿਲ ਕਿਉਂ ਰੋਇਆ
ਹੋਰ ਅੱਖਾਂ ਤੋਂ ਰਾਜ਼ ਵੀ ਖੋਇਆ
ਅੱਖਾਂ ਕੀ ਨੇਂ, ਲਹਿਰਾਂ ਨੇਂ

ਵਕਤ, ਨਦਾਮਤ ਮੇਰਾ ਮਾਸ ਪਏ ਖਾਂਦੇ ਨੇਂ
ਤੇ ਮੌਤ ਵੀ ਪਤਾ ਨਹੀਂ ਕਦੋਂ ਘਰ ਆਵੇਗੀ
ਦੀਵੇ ਦੀ ਛਾਂ ਬੁਝ ਵੀ ਗਈ
ਤੇ ਕੂੰਜ ਆਪਣੀ ਛਾਂ ਲੈ ਕੇ ਉੱਡ ਵੀ ਗਈ