ਸਾਈਂ ਮੈਂ ਵਾਰੀ ਆਂ ਵੋ

ਸਾਈਂ ਮੈਂ ਵਾਰੀ ਆਂ ਵੋ, ਵਾਰੀ ਆਂ ਵੋ ਵਾਰ, ਡਾਰੀ ਆਂ ਵੋ
ਚੁੱਪ ਕਰਾਂ ਤਾਂ ਦੇਵਿਣ ਤਾਅਨੇ, ਜਾਂ ਬੋਲਾਂ ਤਾਂ ਮਾਰੀ ਆਂ ਵੋ
ਇਕਨਾ ਖੰਨੀ ਨੂੰ ਤਰਸਾਵੇਂ, ਇੱਕ ਵੰਡ ਵੰਡ ਦੇਂਦੇ ਨੀ ਸਾਰੀਆਂ
ਇਕਨਾ ਢੋਲ ਕਲਾਵੇ ਨੀ ਸਈਓ, ਇਕ ਕੁੰਤਾਂ ਦੇ ਬਾਝ ਬਿਚਾਰੀਆਂ
ਔਗੁਣਹਾਰੀ ਨੂੰ ਕੋ ਗੁਣਿ ਨਾਹੀਂ, ਨਿਤ ਉਠ ਕਰਦੀ ਜ਼ਾਰੀਆਂ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਫਜ਼ਲ ਕਰੇ ਤਾਂ ਮੈਂ ਤਾਰੀ ਆਂ ਵੋ