ਲੰਮੀਆਂ ਸਿਆਲ਼ੀ ਰਾਤਾਂ

ਲੰਮੀਆਂ ਸਿਆਲ਼ੀ ਰਾਤਾਂ ਕੱਟੀਆਂ ਨਾ ਜਾਂਦੀਆਂ
ਸ਼ੂਕਦੀਆਂ
ਸ਼ਾਂ ਸ਼ਾਂ ਕਰਕੇ ਡਰਾ ਨਦੀਆਂ
ਬੈਠੀ ਬੈਠੀ ਆਪਣੇ ਈ ਨਾਲ਼ ਦੁੱਖ ਪਈ ਫੁੱਲਾਂ
ਸਬਰ ਦੇ ਕਟੋਰੇ ਭਰਾਂ
ਭਰ ਭਰ ਪਈ ਡੋਲ੍ਹਾਂ
ਚੰਦਰਿਆਂ ਸੋਚਾਂ ਦੀਆਂ ਗੰਢਾਂ ਬਣਾ ਬਣਾ ਖੋਲਾਂ
ਕਰਾਂ ਮੈਂ ਹਜ਼ਾਰ ਚਾਰੇ
ਕਿਸੇ ਤਰ੍ਹਾਂ ਪੈਂਡੇ ਇਹ ਦਲੀਲਾਂ ਵਾਲੇ ਮੁੱਕ ਜਾਣ
ਚਿੰਤਾ ਦੇ ਖੋਭੇ ਕਦੇ ਸੁੱਕ ਜਾਣ
ਕਦੇ ਡਾਹਵਾਂ ਚਰਖ਼ਾ, ਅਟੇਰਾਂ ਕਦੇ ਛੱਲੀਆਂ
ਡੋਲੀ ਹੋਈ ਜਿੰਦੜੀ ਨੂੰ, ਹੋਣ ਨਾ ਤਸੱਲੀਆਂ
ਔਸੀਆਂ ਮੈਂ ਪਾਂਦੀ ਥੱਕੀ
ਕਾਵਾਂ ਨੂੰ ਉਡਾਂਦੀ ਥੱਕੀ
ਚਿੱਠੀਆਂ ਦੇ ਵਿਚ ਸਾਰਾ ਹਾਲ ਸੁਣਾਂਦੀ ਥੱਕੀ

ਖ਼ਤਾਂ ਵਿਚ ਕਦੇ ਦਿਲ ਪਾਕੇ ਜੇ ਘੱਲੇ ਜਾਂਦੇ
ਆਪੇ ਵੇਖ ਲੀਨਦੋਂ ਮੇਰੇ ਬਾਪ ਜੋ ਵਿਛੋੜੇ ਕੀਤੀ
ਜੋ ਜੋ ਮੇਰੇ ਨਾਲ਼ ਬੀਤੀ
ਏਡਾ ਦਿਲ ਪੱਕਾ ਕੀਤਾ ਕਿਹੜੀ ਗਲੇ ਹਾਣੀਆ!
ਅਸਾਂ ਇਹ ਜੁਦਾਈਆਂ ਕਦੋਂ ਤੀਕਣ ਹੰਡਾਣੀਆਂ
ਆਂਢਣਾ ਗੁਆਂਢਨਾ ਨੇ ਸੇਜਾਂ ਨੂੰ ਸਿੰਗਾਰ ਕੇ
ਸੁਣਦਿਆਂ ਨੇ ਰੋਜ਼ ਗਲਵਕੜੀਆਂ ਮਾਰ ਕੇ
ਸਾਢੇ ਹੇਠ ਕਦੋਂ ਤਾਈਂ ਮੰਜੀਆਂ ਅਲਾਨੀਆਂ
ਪਈਆਂ ਪਈਆਂ ਹੋਣ ਪਈਆਂ
ਦਾਜ ਦੀਆਂ ਰੇਸ਼ਮੀ ਰਜ਼ਾਈਆਂ ਵੀ ਪੁਰਾਣੀਆਂ
ਮੋੜ ਚਾ ਮੁਹਾਰਾਂ ਹੁਣ ਹੋਰ ਨਾ ਤਸੀਹੇ ਦੇਹ
ਇਹੋ ਜਿਹੀਆਂ ਖੱਟੀਆਂ ਦੇ ਸਿਰੇ ਵਿਚ ਪਈ ਖੇਹ
ਅਸੀਂ ਭੁੱਖੇ ਚੰਗੇ ਬੀਬਾ, ਰਜਨੇ ਦੀ ਲੋੜ ਨਹੀਂ
ਇਥੇ ਵੀ ਰੱਬ ਉਹਵਾ ਸਾਨੂੰ ਰਜ਼ਿ ਕੈ ਦੀ ਥੋੜ ਨਹੀਂ
ਕੱਟੀਆਂ ਨਾ ਜਾਂਦੀਆਂ ਨੇਂ ਲੰਮੀਆਂ ਸਿਆਲ਼ੀ ਰਾਤਾਂ
ਦਸਾਂ ਕੀ ਜੋ ਹੁੰਦਿਆਂ ਨੇਂ ਦਲ ਨਾਲ਼ ਵਾਰਦਾਤਾਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 37 ( ਹਵਾਲਾ ਵੇਖੋ )