ਨੰਗੀਆਂ ਕੁੰਡਾਂ

ਕਿਹੈ ਦਿਲਾਂ ਵਿਚ ਅੜਚ ਪਏ ਨੇਂ, ਕੇਹੀਆਂ ਪਈਆਂ ਗੰਢਾਂ
ਨੂੰਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ

ਖ਼ੀਰੀ ਮੁਹਰੀ ਵਸਦੇ ਰਿਸਦੇ ਪਤਾ ਨਹੀਂ ਕੀ ਵਰਤੀ
ਲਹੂ ਵ ਲਹੂ ਦਿਨਾਂ ਵਿਚ ਹੋਈ ਫੁੱਲਾਂ ਵਰਗੀ ਧਰਤੀ

ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ
ਇਹ ਕੋਈ ਐਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ

ਇਕ ਤੌਣੀ ਤੇ ਜੇ ਸਦਾ ਈ ਮਾਂ ਜਾਏ ਰਲ਼ ਬਹਿੰਦੇ
ਕਿਵੇਂ ਇਹ ਖੁੱਲੀ ਦੁਨੀਆ ਵਸਦੀ, ਕਿਵੇਂ ਨਗਰ ਇਹ ਪੈਂਦੇ

ਬਾਂਦਰ ਸਾਹਣ ਪਨੀਰ ਵੰਡਾਵੇ ਜੋ ਲੱਭਣਾ ਸੀ ਲੱਭਾ
ਸਜਾ ਦੱਸ ਕੇ ਡਾਢਾ ਉਨ੍ਹਾਂ ਮਾਰਿਆ ਸਾਨੂੰ ਖੱਬਾ
ਅੱਜ ਗੁੜ ਲਾਣੇ ਵਾਲੇ ਹੋ ਗਏ ਗੁੜ ਲਾਕੇ ਇਕ ਪਾਸੇ
ਇਕਨਾਂ ਛਵੀਆਂ ਲੰਬ ਕਰਾਈਆਂ, ਇਕਨਾਂ ਫੜੇ ਗੰਡਾਸੇ

ਬੁਲ੍ਹੇ ਸ਼ਾਹ, ਫ਼ਰੀਦ ਹੋਰਾਂ ਜਿਹੇ ਜਿਸ ਧਰਤੀ ਤੇ ਵਸੇ
ਨਾਨਕ ਵਰਗੀਆਂ ਸੰਤਾਂ ਜਿਥੇ ਰਾਹ ਮਿਲਾ ਪੇ ਦੱਸੇ

ਓਥੇ ਲੂਤੀ ਲਾਣੇ ਵਾਲਿਆਂ ਉਂਝ ਅੱਜ ਲੂਤੀ ਲਾਈ
ਤਾਣੇ ਪਿਟੇ ਵਾਲੀਆਂ ਤੰਦਾਂ "ਤੋਂ ਤੂੰ" ਨਵੇਂ ਸੁਣਾਈ

ਆਪਣੀ ਹੱਥੀਂ ਆਪਣੇ ਮੂੰਹ ਤੇ ਮਾਰਨ ਲੱਗ ਪਏ ਚੰਡਾਂ
ਭਾਈ ਭਾਈਆਂ ਨਾਲੋਂ ਰੱਸੇ ਨੰਗੀਆਂ ਹੋਈਆਂ ਕੁੰਡਾਂ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 51 ( ਹਵਾਲਾ ਵੇਖੋ )