ਬੁਲ੍ਹੇ ਸ਼ਾਹ ਦੇ ਨਾਂ

ਉਹ ਕੀ ਹੱਕ ਪਹਿਚਾਣੇ ਜਿਸ ਨੂੰ ਆਪਣੀ ਨਹੀਂ ਪਹਿਚਾਣ
ਜਿਸਮ ਤੇ ਜਾਣ ਦੀ ਸਾਂਝ ਕੀ ਜਾਣੇ, ਨਾ ਉਹ ਜਿਸਮ ਨਾ ਜਾਣ
ਜਿਸ ਨੂੰ ਆਪਣੀ ਕਦਰ ਨਹੀਂ ਏ, ਉਹ ਕਾਹਦਾ ਇਨਸਾਨ
ਉਹ ਕਿਸ ਗੱਲ ਦਾ ਮਾਣ ਕਰੇ, ਜਿਹਨੂੰ ਆਪਣਾ ਵੀ ਨਹੀਂ ਮਾਨ

ਜਿੰਦੜੀ ਦੇ ਅੰਦਾਜ਼ ਅਨੋਖੇ, ਕੀ ਕੀ ਰੂਪ ਵਟਾਵੇ
ਕੋਰੇ ਜ਼ਮਾਨੇ ਦੀ ਇੱਕ ਠੋਕਰ, ਖਾਣ ਦੀ ਤਾਬ ਨਾ ਲਿਆਵੇ
ਕੋਰੇ ਵਕਤ ਨੂੰ ਜੱਫਾ ਪਾ ਕੇ, ਆਪਣਾ ਜ਼ੋਰ ਵਖਾਵੇ
ਦਿਲ ਜਿਗਰ ਦਾ ਖ਼ੂਨ ਵਗਾਵੇ, ਆਪ ਅਮਰ ਹੋ ਜਾਵੇ

ਕਈ ਜ਼ਮਾਨੇ ਗੁਜ਼ਰ ਗਏ ਤੇ ਕਈ ਜ਼ਮਾਨੇ ਆਏ
ਆਫ਼ਤਾਂ ਔਖਤਾਂ ਏਸ ਧਰਤੀ ਤੇ ਕਿੰਨੇ ਫੇਰੇ ਪਾਏ
ਸਦੀਆਂ ਦੇ ਤੂਫ਼ਾਨਾਂ ਏਥੇ, ਲੱਖ ਹਨੇਰ ਮਚਾਏ
ਬੜੇ ਬੜੇ ਤਾਰੀਖ਼ੀ ਅੰਬਰ ਖ਼ਾਕ ਦੇ ਵਿਚ ਸਮਾਏ

ਹੱਸੇ ਪਿਆ ਬੁਲ੍ਹੇ ਦਾ ਰੋਜ਼ਾ, ਵਸੇ ਸ਼ਹਿਰ ਕਸੂਰ
ਦੇਸ ਪੰਜਾਬ ਦੇ ਸੀਨੇ ਅੰਦਰ, ਚਮਕ ਰਿਹਾ ਇਕ ਤੂਰ
ਸਾਰੀਆਂ ਸੋਚਾਂ ਸਮਝਾਂ ਖੋਹ ਕੇ, ਹੁਣ ਕੀ ਕੀ ਨਕਾਰੇ ਲੱਭਦੇ
ਟੁੱਟੀ ਹੋਈ ਬੇੜੀ ਲੈ ਕੇ, ਡੁੱਬੇ ਹੋਏ ਕਿਨਾਰੇ ਲੱਭਦੇ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )