ਹੈ ਸਾਰੇ ਜਹਾਂ ਤੇ ਨਜ਼ਰ ਤੇਰੀ, ਕਦੀ ਤੱਕਿਆ ਈ ਏਸ ਇਨਸਾਨ ਵੱਲੇ
ਕੱਲ੍ਹ ਜੰਨਤ ਚੋਂ ਏਸ ਨੂੰ ਕੱਢਿਆ , ਅੱਜ ਉੱਡਦਾ ਏ ਫੇਰ ਅਸਮਾਨ ਵੱਲੇ
ਪੱਲੇ ਬੰਨ੍ਹ ਯਕੀਨ ਦੇ ਧੋਖਿਆਂ ਨੂੰ, ਪਿਆ ਨੱਠਦਾ ਫਿਰੇ ਗੁਮਾਨ ਵੱਲੇ
ਐਂਵੇਂ ਟੋਲਦਾ ਫਿਰੇ ਹਕੀਕਤਾਂ ਨੂੰ, ਨਾ ਕੁਫ਼ਰ ਵੱਲੇ, ਨਾ ਈਮਾਨ ਵੱਲੇ

ਪੈਰਾਂ ਹੇਠ ਦੀ ਮਿੱਟੀ ਤੋਂ ਖ਼ਬਰ ਨਾਹੀਂ, ਉਤੋਂ ਗਿਣਦਾ ਫਿਰੇ ਸਿਤਾਰਿਆਂ ਨੂੰ
ਦੁੱਖ ਦਰਦ ਦੇ ਦਾਰੂ ਦੀ ਲੋੜ ਕੋਈ ਨਾ, ਐਂਵੇਂ ਛੇੜਦਾ ਏ ਇਨ੍ਹਾਂ ਬੇ ਚਾਰਿਆਂ ਨੂੰ
ਰਹਿ ਸਕੇ ਨਾ ਬੁੱਤਾਂ ਸਹਾਰਿਆਂ ਦੇ, ਉੱਤੋਂ ਤੰਗ ਕਰੇ ਬੇਸਹਾਰਿਆਂ ਨੂੰ
ਕਦਮ ਸਾਹਿਲ ਤੋਂ ਅੱਗੇ ਨਹੀਂ ਪੱਟਿਆ ਸੂ, ਖੜਾ ਢੂੰਡਦਾ ਫਿਰੇ ਕਿਨਾਰਿਆਂ ਨੂੰ

ਸਿਰ ਤੇ ਬਾਰ ਅਮਾਨਤ ਦੇ ਚੁੱਕਣੇ ਦਾ, ਵਾਅਦਾ ਕਰ ਬੈਠਾ ਤੇ ਹੁਣ ਚੁੱਕਦਾ ਨਈਂ
ਦਾਗ਼ ਬੰਦਗੀ ਦਾ ਮੱਥੇ ਲੱਗ ਗਿਆ ਹੁਣ ਪਿਆ ਲੁਕਾਉਂਦਾ ਏ ਲੁਕਦਾ ਨਈਂ
ਸਜਦਾ ਕੀਤਾ ਸੀ ਕਦੀ ਫ਼ਰਿਸ਼ਤਿਆਂ ਨੇ, ਹੁਣ ਕੋਈ ਇਹਦੇ ਅੱਗੇ ਝੁਕਦਾ ਨਈਂ
ਇੱਕ ਜੁਰਮ ਕਰਕੇ ਗਿੱਲਾ ਹੋ ਗਿਆ ਸੀ, ਅਜੇ ਤੀਕ ਦਾਮਨ ਇਹਦਾ ਸੁਕਦਾ ਨਈਂ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )