ਜਿਹਨੂੰ ਆਪਣੀ ਪਹਿਚਾਣ ਨਹੀਂ ਏ

ਜੀਹਨੂੰ ਆਪਣੀ ਪਹਿਚਾਣ ਨਹੀਂ ਏ
ਉਹ ਇਨਸਾਨ ਇਨਸਾਨ ਨਹੀਂ ਏ

ਮੇਰੇ ਦਿਲ ਦਾ ਹਾਲ ਨਾ ਜਾਣੇ
ਏਨਾ ਉਹ ਅੰਜਾਣ ਨਹੀਂ ਏ

ਤੇਰੇ ਨਾਲ਼ ਪਿਆਰ ਕੀਤਾ ਏ
ਹੁਣ ਕੋਈ ਅਰਮਾਨ ਨਹੀਂ ਏ

ਕਦਮ ਕਦਮ ਤੇ ਮਰਨਾ ਪੈਂਦਾ
ਜੀਉਣਾ ਕੋਈ ਆਸਾਨ ਨਹੀਂ ਏ

ਤੂੰ ਕਿਆ ਮੇਰੇ ਗ਼ਮ ਨੂੰ ਜਾਣੇ
ਤੇਰੇ ਵਿਚ ਤੇ ਜਾਣ ਨਹੀਂ ਏ

ਆਜਾ ਮੇਰੇ ਦਿਲ ਵਿਚ ਆਜਾ
ਇਥੇ ਕੋਈ ਦਰਬਾਨ ਨਹੀਂ ਏ

ਮੁਲਾਂ ਦਾ ਈਮਾਨ ਏ ਜੋ ਵੀ
ਉਹ ਮੇਰਾ ਈਮਾਨ ਨਹੀਂ ਏ

ਓਥੇ ਕਈ ਮਜਨੂੰ ਵਸਦੇ ਨੇਂ
ਸਿਹਰਾ ਤੇ ਵੀਰਾਨ ਨਹੀਂ ਏ

ਸਭ ਨੂੰ ਉਸ ਹੈਰਾਨ ਕੀਤਾ ਏ
ਫੇਰ ਵੀ ਉਹ ਹੈਰਾਨ ਨਹੀਂ ਏ

ਮੈਂ ਕੀ ਜਾਨਾ ਕੀ ਏ ਫ਼ਰਿਸ਼ਤਾ
ਮੇਰਾ ਜਾਨ ਪਹਿਚਾਨ ਨਹੀਂ ਏ

ਤੇਰਾ ਹਰ ਇਕ ਸ਼ਿਅਰ ਤਬੱਸੁਮ
ਅੱਲ੍ਹਾ ਦਾ ਫ਼ਰਮਾਨ ਨਹੀਂ ਏ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )