ਫੁੱਲਾਂ ਦੀ ਖ਼ੁਸ਼ੀਆਂ ਮਾਤ ਪਈਆਂ, ਓਹ ਤੌਰ ਨਾ ਰਹੇ ਗੁਲਜ਼ਾਰਾਂ ਦੇ

ਫੁੱਲਾਂ ਦੀ ਖ਼ੁਸ਼ੀਆਂ ਮਾਤ ਪਈਆਂ, ਓਹ ਤੌਰ ਨਾ ਰਹੇ ਗੁਲਜ਼ਾਰਾਂ ਦੇ
ਜਦ ਨਜ਼ਰਾਂ ਫਿਰੀਆਂ ਯਾਰ ਦੀਆਂ, ਰੰਗ ਉੱਡ ਪੁੱਡ ਗਏ ਬਹਾਰਾਂ ਦੇ

ਅਸੀ ਆਪਣੀ ਦੁਨੀਆ ਵਸਦੇ ਸਾਂ, ਖ਼ੁਦ ਰੋਨੇ ਸਾਂ, ਖ਼ੁਦ ਹੱਸਦੇ ਸਾਂ
ਕਿਹਾ ਦਲ ਨੂੰ ਰੋਗ ਲਗਾਇਆ ਏ, ਮੂੰਹ ਤਕਨੇ ਪਏ ਗ਼ਮਖ਼ਾਰਾਂ ਦੇ

ਇਹ ਇਸ਼ਕ ਦਾ ਰੋਗ ਅਵੱਲੜਾ ਏ, ਏਸ ਰੋਗ ਦੇ ਚਾਰੇ ਕੀ ਕਰਨੇ
ਇਹ ਜ਼ਖ਼ਮ ਕਦੀ ਵੀ ਨਹੀਂ ਭਰਨੇ, ਇਹ ਜ਼ਖ਼ਮ ਨਹੀਂ ਤਲਵਾਰਾਂ ਦੇ

ਅਸੀ ਦਲ ਦੇ ਦੁੱਖੜੇ ਕਹਿਣੇ ਆਂ, ਤੁਸੀ ਸੁਣ ਕੇ ਚੁੱਪ ਹੋ ਬਹਿੰਦੇ ਓ
ਐਵੇਂ ਰੁਠੜੇ ਰੁਠੜੇ ਰਹਿੰਦੇ ਓ, ਇਹ ਕੰਮ ਨਹੀਂ ਦਿਲਦਾਰਾਂ ਦੇ

ਇਹ ਕੰਮ ਨਹੀਂ ਤਕਸੀਰਾਂ ਦਾ, ਇਹ ਲਿਖਿਆ ਏ ਤਕਦੀਰਾਂ ਦਾ
ਇਥੇ ਦੋਸ਼ ਨਹੀਂ ਤਦਬੀਰਾਂ ਦਾ, ਇਹ ਦੁੱਖ ਨੇਂ ਇਸ਼ਕ ਬੀਮਾਰਾਂ ਦੇ

ਕੀ ਹਾਲਤ ਪੁੱਛਣਾ ਏਂ ਸੂਫ਼ੀ ਦੀ, ਇਸ ਤੇਰੀ ਮੁਹੱਬਤ ਦੇ ਪਿੱਛੇ
ਸੌ ਗੱਲਾਂ ਸੁਣੀਆਂ ਗ਼ੈਰਾਂ ਦੀਆਂ, ਸੌ ਨਾਜ਼ ਉਠਾਏ ਯਾਰਾਂ ਦੇ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )