ਜਿੰਦੜੀ ਦੀ ਕੀ ਕਦਰ ਪਛਾਨਣ, ਇਹ ਇਨਸਾਨ ਨਕਾਰੇ

ਜਿੰਦੜੀ ਦੀ ਕਿਆ ਕਦਰ ਪਛਾਨਣ, ਇਹ ਇਨਸਾਨ ਨਕਾਰੇ
ਕੁਝ ਤੇ ਹੈਨ ਕਖੋਂ ਵੀ ਹੌਲੇ, ਕੁਝ ਪੱਥਰਾਂ ਤੋਂ ਭਾਰੇ

ਸੁੱਕੇ ਹੋਏ ਪੱਤਰਾਂ ਵਾਂਗੋਂ ਇਨ੍ਹਾਂ ਦਾ ਅਕੜਾ
ਐਂਵੇਂ ਝੂਠੀਆਂ ਚਮਕਾਂ ਮਾਰਨ, ਬੁਝ੍ਹੇ ਹੋਏ ਅੰਗਾਰੇ

ਏਸ ਧਰਤੀ ਦੇ ਜ਼ਰੇ ਉੱਡ ਉੱਡ ਚਮਕਣ ਵਿਚ ਫ਼ਿਜ਼ਾਵਾਂ
ਏਸ ਧਰਤੀ ਦਾ ਬਾਸੀ ਐਂਵੇਂ ਬੈਠਾ ਟੱਕਰਾਂ ਮਾਰੇ

ਬਿੱਤਰ ਬਿੱਤਰ ਤੱਕਦਾ ਫਿਰੇ ਤੇ ਨਜ਼ਰੀਂ ਕੁਝ ਨਾ ਆਵੇ
ਅੱਖਾਂ ਬੰਦ ਤੇ ਦੇਸ ਬਦੇਸ ਦੇ ਕਰਦਾ ਫਿਰੇ ਨਜ਼ਾਰੇ

ਮੰਜ਼ਿਲ ਦਾ ਨਾਂ ਭੁੱਲਿਆ ਹੋਇਆ ਯਾਦ ਨਾ ਉਸ ਨੂੰ ਆਵੇ
ਘੁੰਮਣ ਘੇਰਾਂ ਦੇ ਵਿਚ ਤਰਦਾ ਲੱਭਦਾ ਫਿਰੇ ਕਿਨਾਰੇ

ਇਹ ਇਨਸਾਨ ਖ਼ਤਾ ਦਾ ਪੁਤਲਾ, ਲਕਬ ਜ਼ਲੂਮ ਜਹੋਲ
ਏਸ ਦਾ ਹੁਨਰ ਕਿਸ ਗਿਣਤੀ ਦੇ ਵਿਚ, ਏਸ ਦਾ ਫ਼ਨ ਕਿਸ ਕਾਰੇ

ਚੰਦ ਦੀਆਂ ਖ਼ਬਰਾਂ ਲੈ ਕੇ ਆਵੇ ਆਪਣੀ ਖ਼ਬਰ ਨਾ ਕੋਈ
ਝੋਲ਼ੀ ਕੰਡਿਆਂ ਤੋਂ ਵੀ ਖ਼ਾਲੀ ਚੁੰਦਾ ਫਿਰੇ ਸਿਤਾਰੇ

ਜਿੰਦੜੀ ਦੀ ਮੰਜ਼ਿਲ ਕੜੀ ਤਬੱਸੁਮ ਦੂਰ ਦੁਰਾਡਾ ਪੈਂਡਾ
ਸ਼ਿਅਰ ਕਹਿੰਦੇ ਕਹਿੰਦੇ ਕੱਟ ਲੈਂਦੇ ਇਹ ਸ਼ਾਇਰ ਬੇਚਾਰੇ

ਹਵਾਲਾ: ਨਜ਼ਰਾਂ ਕਰਦਿਆਂ ਗੱਲਾਂ, ਸੂਫ਼ੀ ਗ਼ੁਲਾਮ ਮੁਸਤਫ਼ਾ ਤਬੱਸੁਮ ( ਹਵਾਲਾ ਵੇਖੋ )