ਅਸੀਂ ਕਿੱਥੇ ਖਲੋਤੇ ਆਂ

ਹੱਥ ਬੱਧੇ ਤੇ ਪੈਰ ਖੱਬੇ ਨੇਂ
ਅਸੀਂ ਕਿੱਥੇ ਖਲੋਤੇ ਆਂ?
ਸਾਡੇ ਪੈਰ ਕਿੱਥੇ ਨੇਂ?
ਪਰਾਏ ਪੈਰਾਂ ਤੇ ਖਲੋਤੇ ਪੈਰ
ਪੱਨਿਆਂ ਤੀਕਰ ਲਹੂ ਚ ਡੁੱਬੇ ਅਸੀਂ ਕਿੱਥੇ ਖਲੋਤੇ ਆਂ?
ਕਿਸੇ ਆਦਮ, ਹਵਾ ਦੀ ਗ਼ਲਤੀ ਚ ਸੰਗਸਾਰ ਕਰਨ ਲਈ
ਸਾਨੂੰ ਏਥੇ ਕਿਹਨੇ ਗੱਡਿਆ ਏ?
ਦੰਦਾਂ ਥੱਲੇ ਆਈ ਜੀਭ ਤੇ ਸੱਕਰ ਜਮ ਗਿਆ ਏ ਤੇ ਅੱਖਾਂ ਵੀ ਗੂੰਗੀਆਂ ਹੋ ਗਈਆਂ ਨੇਂ
ਜੇ ਸਾਡੇ ਨੱਕ ਹੋਣ ਤੇ ਅਸੀਂ ਆਪਣੀ ਬੋ ਨਾਲ਼ ਮਰ ਜਾਈਏ
ਸ਼ਹੀਦਾਂ ਦੇ ਲਹੂ ਦੀ ਖ਼ੁਸ਼ਬੂ ਸੁੰਘ ਸੁੰਘ ਕੇ ਸਾਡੇ ਦਿਮਾਗ਼ ਮਾਰੇ ਗਏ ਨੇਂ
ਪਿਛਾਂ ਹਟ ਸੁਕਣੇ ਆਂ ਨਾ
ਅਗਾਂ ਵੱਧ ਸੁਕਣੇ ਆਂ
ਅਸੀਂ ਕਿੱਥੇ ਖਲੋਤੇ ਆਂ?

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ