ਕੰਧਾਂ ਕੋਠੇ ਡੋਰੇ ਹੋ ਗਏ ਸੁਣ ਸੁਣ ਰੌਲੇ ਅੱਖਾਂ ਦੇ

ਕੰਧਾਂ ਕੋਠੇ ਡੋਰੇ ਹੋ ਗਏ ਸੁਣ ਸੁਣ ਰੌਲੇ ਅੱਖਾਂ ਦੇ
ਐਵੇਂ ਤੇ ਨਹੀਂ ਇਟਾਂ ਵਿਚੋਂ ਪੈਂਦੇ ਝੋਲੇ ਅੱਖਾਂ ਦੇ

ਅਕਲਾਪੇ ਨੇ ਲੂੰ ਲੂੰ ਦੇ ਨਾਂ ਉਮਰਾਂ ਲਾਈਆਂ ਹੋਈਆਂ ਸੀ
ਤੂੰ ਆਓਂ ਤੇ ਵਸਮਾ ਲਾ ਕੇ ਬਹਿ ਗਏ ਧੋਲੇ ਅੱਖਾਂ ਦੇ

ਦਿਲ ਏ ਜਿਸਰਾਂ ਬੋਟ ਚਿੜੀ ਦਾ ਬਾਲਾਂ ਦੇ ਹੱਥ ਆ ਜਾਵੇ
ਜੀਵਨ ਜਿਸਰਾਂ ਪੈ ਗਏ ਹੋਵਣ ਸੁਫ਼ਨੇ ਹੌਲੇ ਅੱਖਾਂ ਦੇ

ਵਾ ਰੌਲੇ ਯਾਦਾਂ ਦੇ ਪਏ ਰਸਮਾਂ ਵਾਂਗ ਡਰਾਉਂਦੇ ਨੇ
ਤਾਂਘਾਂ ਦੇ ਮੈਂ ਢਾਰੇ ਛੱਤੇ ਕਰ ਕੇ ਕੋਲੇ ਅੱਖਾਂ ਦੇ

ਫੁੱਲਾਂ ਵਾਂਗ ਫਲੂਹੇ ਖਿੜ ਪਏ ਤਾਹਿਰਾ ਅੱਜ ਸਰਹਾਨੇ ਤੇ
ਪੂਰੇ ਚੰਨ ਦੀ ਰਾਤ ਸੀ ਰਾਤੀਂ ਪਾਣੀ ਖੋਲੇ ਅੱਖਾਂ ਦੇ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 49 ( ਹਵਾਲਾ ਵੇਖੋ )