ਕਿੰਨੇ ਸ਼ਿਅਰ ਨਿਤਾਰੇ ਸੋਚਾਂ

ਕਿੰਨੇ ਸ਼ਿਅਰ ਨਿਤਾਰੇ ਸੋਚਾਂ
ਜਦ ਵੀ ਤੇਰੇ ਬਾਰੇ ਸੋਚਾਂ

ਅੱਜ ਕਿਉਂ ਚਾਰੇ ਕੱਠੇ ਹੋ ਗਏ
ਹੰਝੂ, ਯਾਦ , ਸਿਤਾਰੇ, ਸੋਚਾਂ

ਇਕ ਦਿਨ ਤੇਰੀ ਯਾਦ ਨਾ ਆਈ
ਕਿੰਨੇ ਮਿਹਣੇ ਮਾਰੇ ਸੋਚਾਂ

ਲੋੜਾਂ ਨੇ ਨਹੀਂ ਸੱਦੇ ਘੱਲੇ
ਆਈਆਂ ਆਪ ਮੁਹਾਰੇ ਸੋਚਾਂ

ਆਪਣੇ ਪੱਲਿਓਂ ਦੇ ਕੇ ਆਈਆਂ
ਗਈਆਂ ਕਿਸ ਦਰਬਾਰੇ ਸੋਚਾਂ

ਤਾਹਿਰਾ ਲੋਕ ਚਿਟਾਨਾਂ ਵਰਗੇ
ਕੀਤੇ ਪਾਰੇ ਪਾਰੇ ਸੋਚਾਂ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 22 ( ਹਵਾਲਾ ਵੇਖੋ )