ਵਿਰਾਸਤ

ਮਾਂ ਨੇ ਚੁੱਪ ਦੀ ਗੁੜ੍ਹਤੀ ਦੇ ਕੇ
ਮੇਰੇ ਬੁਲ ਈ ਸੀ ਦਿੱਤੇ
ਪਰ ਖ਼ੋਰੇ ਕਿਉਂ
ਕੰਨਾਂ ਨੂੰ ਬੰਦ ਕਰਨਾ ਭੁੱਲ ਗਈ
ਅੱਖ ਖੁੱਲੀ ਤੇ ਚਾਰ ਚੁਫ਼ੇਰੇ
ਸ਼ਕਲਾਂ ਦਿਸੀਆਂ
ਜਿਹਨਾਂ ਨੂੰ ਕੁੱਝ ਪੁੱਛ ਨਾ ਸਕੀ
ਵੇਹੰਦੀ ਰਹੀ ਤੇ ਸੁਣਦੀ ਰਹੀ
ਮੈਂ ਸ਼ਕਲਾਂ ਨੂੰ ਸੁਣਦੀ ਰਹੀ ਤੇ
ਆਵਾਜ਼ਾਂ ਨੂੰ ਵੇਹੰਦੀ ਰਹੀ
ਬੁਲ ਸੀਤੇ ਸੀ ਹੋਰ ਕੀ ਹੁੰਦਾ
ਖੁਲ੍ਹੀਆਂ ਅੱਖਾਂ
ਖੁੱਲੇ ਸੁਫ਼ਨੇ ਵੇਖਣ ਲੱਗਿਆਂ
ਤਾਂ ਰਸਮਾਂ ਦੀ ਪੱਟੀ ਆ ਗਈ
ਅੱਖਾਂ ਉੱਤੇ ਘੁੱਟ ਕੇ ਬੱਝੀ
ਰੱਤੀ ਪੱਟੀ
ਜਿਹਦੀ ਗੰਢ ਮੈਂ ਖੋਲ ਨਾ ਸਕੀ
ਪੋਟੇ ਹੰਭ ਗਏ
ਨੌਂਹ ਵੀ ਝੜ ਗਏ
ਪਰ ਨਾ ਖੁੱਲੀ ਇਹ ਰਸਮਾਂ ਦੀ ਰੱਤੀ ਪੱਟੀ
ਹੁਣ ਮੈਂ ਆਪਣੇ ਟੁੱਟੇ ਖ਼ਾਬ ਤੇ ਜ਼ਖ਼ਮੀ ਸੋਚਾਂ
ਆਪਣੀ ਧੀ ਨੂੰ ਕਿਸਰਾਂ ਸੌਂਪਾਂ?

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 74 ( ਹਵਾਲਾ ਵੇਖੋ )