ਹੀਰ ਵਾਰਿਸ ਸ਼ਾਹ

ਰਾਂਝਾ ਆਖਦਾ ਭਾਬੀਓ ਵੈਰਨੋ ਨੀ

ਰਾਂਝਾ ਆਖਦਾ ਭਾਬੀਓ ਵੈਰਨੋ ਨੀ
ਤੁਸਾਂ ਭਾਈਆਂ ਨਾਲੋਂ ਵਿਛੋੜਿਆ ਜੇ

ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ
ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ

ਸੱਕੇ ਭਾਈਆਂ ਨਾਲੋਂ ਵਿਛੋੜ ਮੈਨੂੰ
ਕੰਡਾ ਵਿਚ ਕਲੇਜੇ ਦੇ ਪੋੜੀਆ ਜੇ

ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ
ਵੱਖੋ ਵੱਖ ਕਰ ਚਾਅ ਨਖੋੜਿਆ ਜੇ

ਨਾਲ਼ ਵੈਰ ਦੇ ਰਿੱਕਤਾਂ ਛੇੜ ਭਾਬੀ
ਸਾਨੂੰ ਮੇਹਣਾ ਹੋਰ ਚਿਮੋੜਿਆ ਜੇ

ਜਦੋਂ ਸਫ਼ਾਂ ਹੋ ਟੁਰਨ ਗੀਆਂ ਤਰਫ਼ ਜੰਨਤ
ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ