ਹੀਰ ਵਾਰਿਸ ਸ਼ਾਹ

ਹੱਥ ਬੰਨ੍ਹ ਕੇ ਗਲ ਵਿਚ ਪਾ ਪੱਲਾ

ਹੱਥ ਬੰਨ੍ਹ ਕੇ ਗਲ ਵਿਚ ਪਾ ਪੱਲਾ
ਕਹੀਂ ਦੇਸ ਨੂੰ ਦੁਆ ਸਲਾਮ ਮੇਰਾ

ਘੱਟ ਵੈਰੀਆਂ ਦੇ ਵੱਸ ਪਾਈਓ ਨੇਂ
ਸੱਈਆਂ ਚਾ ਵਿਸਾਰਿਆ ਨਾਮ ਮੇਰਾ

ਮਜੱਹੋ ਵਾਹ ਵਿਚ ਡੋਬਿਆ ਮਾਪਿਆਂ ਨੇ
ਉਨ੍ਹਾਂ ਨਾਲ਼ ਨਾਹੀਂ ਕੋਈ ਕਾਮ ਮੇਰਾ

ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ
ਇੱਕ ਇਤਨਾ ਕਹੀਂ ਪੈਗ਼ਾਮ ਮੇਰਾ

ਵਾਰਿਸ ਨਾਲ਼ ਬੇ ਵਾਰਸਾਂ ਰਹਿਮ ਕੀਜੇ
ਮਿਹਰਬਾਨ ਹੋ ਕੇ ਸ਼ਾਮ ਮੇਰਾ