ਜਿਹੜੀ ਬੂਟੀ ਦਿਲ ਵਿਚ ਲਾਈ

ਜਿਹੜੀ ਬੂਟੀ ਦਿਲ ਵਿਚ ਲਾਈ, ਉਹ ਬੂਟੀ ਅੱਜ ਫੁੱਲ ਗਈ ਏ
ਰੋ ਰੋ ਕੇ ਜੋ ਲੱਕੜੀ ਸਕੀ, ਇਸ਼ਕ ਦੀ ਅੱਗ ਵਿਚ ਬਿੱਲ ਗਈ ਏ

ਲੰਮੀਆਂ ਉਮਰਾਂ ਦੇ ਪੈਂਡੇ ਵੀ, ਆਖ਼ਿਰ ਨੂੰ ਮੁੱਕ ਜਾਂਦੇ ਨੇ,
ਕੀ ਹੋਇਆ ਜੇ ਤੇਰੀ ਇਕ, ਜਵਾਨੀ ਇਥੇ ਢਿੱਲ ਗਈ ਏ

ਮੇਰਾ ਦੋਸ਼ ਨਹੀਂ ਏ ਕੋਈ, ਜਦ ਤੱਕ ਹੋਇਆ ਚੁੱਪ ਰਿਹਾ,
ਕਨੂੰ ਕੰਨੀਂ ਲੁਕਦੀ ਛਪਦੀ, ਭਰੇ ਬਾਜ਼ਾਰ ਵਿਚ ਗੱਲ ਗਈ ਏ

ਐਵੇਂ ਨਹੀਂ ਪਏ ਦੀਵੇ ਬਲਦੇ, ਐਵੇਂ ਨਹੀਂ ਪਏ ਝੰਡੇ ਝੁੱਲਦੇ,
ਰੋਜ਼ਿਆਂ ਵਾਲਿਆਂ ਕਬਰਾਂ ਦੇ ਵਿਚ, ਤੇਰੇ ਇਸ਼ਕ ਦੀ ਛੱਲ ਗਈ ਏ

ਚੁੱਪ ਚੁਪੀਤਿਆਂ ਜ਼ਹਿਰ ਨੂੰ ਪੀਤਾ, 'ਵਾਸਫ਼' ਨੇ ਬਦਨਾਮ ਨਾ ਕੀਤਾ,
ਮੈਨੂੰ ਦੇਖ ਕੇ ਦੁਨੀਆਂ ਦੀ ਗੱਲ, ਆਪੇ ਤੇਰੇ ਵੱਲ ਗਈ ਏ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )