ਆਪਣੀ ਘੁੰਮਣਘੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਆਪਣੀ ਘੁੰਮਣਘੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ
ਇਸ ਚਲਿਤ੍ਰ ਨ੍ਹਿਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਕੁੱਝ ਵੀ ਹੋਰ ਨਹੀਂ ਵੇਖਣ ਦਿੰਦਾ ਇਹ ਲਸ਼ਕਾਰਾ
ਸਾਨੂੰ ਤੱਕਣੀ ਤੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਤੇਰਾ ਜੋਬਨ ਸਰੂ ਜਿਹਾ ਮੈਂ ਕੀਕਣ ਵੇਖਾਂ
ਇਸ ਬਚਪਨ ਦੀ ਬੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਦੂਜੇ ਰੇਸ਼ਮੀ ਥਾਨ ਤੇ ਅੱਖੀਆਂ ਤਿਲ੍ਹਕਣ ਕਿਵੇਂ
ਇਕ ਚਾਨਣ ਦੀ ਢੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਤੈਨੂੰ ਕਿਵੇਂ ਆਉਣੇ ਦਿਲ ਹਾਲ ਸਨਾਵਾਂਂ
ਤੇਰੀ ਦੀਦ ਦਲੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਇਹ ਜੁੱਸੇ ਦੇ ਖੇਖਣ ਮੈਨੂੰ ਜੀਣ ਨਹੀਂ ਦਿੰਦੇ
ਇਸ ਮਿੱਟੀ ਦੀ ਢੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਹੋਣੀ ਇਕ ਬੁੱਕ ਵਾਅ ਤੋਂ ਅੱਗੇ ਕਿਵੇਂ ਸੋਚੇ
ਸਾਹ ਦੀ ਹੇਰਾਫੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਵੇਲੇ ਸਿਰ ਨਹੀਂ ਹੋ ਸਕਦਾ ਕੋਈ ਕੰਮ ਵੀ ਮੇਰਾ
ਪਹਿਲੋਂ ਹੋਈ ਦੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਲਗਦਾ ਏ ਸਾਡਾ ਕੱਠੀਆਂ ਕੋਈ ਮੁਸਤਕਬਿਲ ਹੀ ਨਹੀਂ
ਸਾਨੂੰ ਤੇਰੀ ਮੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਦਿਲ ਵਿਚ ਲੋਹਾ ਕੇ ਦਿਲ ਨਾਲ਼ ਦਿਲ ਦੀ ਗੱਲ ਕਰੇ ਕੀ
ਅੱਖ ਨੂੰ ਫ਼ਿਕਰ ਉਚੇਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ

ਇਕ ਦੂਜੇ ਦੇ ਮਨ ਦੀ ਭੁੱਖ ਨੂੰ ਕੀ ਸਮਝਾਂਗੇ
ਸਾਨੂੰ ਤਿੰਨ ਦੀ ਸੀਰੀ ਤੋਂ ਹੀ ਵੇਲ੍ਹ ਨਹੀਂ ਲੱਭਦੀ