ਸੱਪ ਤੇ ਕੁੱਤਾ

ਸ਼ਹਿਰ ਦੇ ਗੰਦੇ ਪਾਣੀ ਨਲ਼ ਦਰਿਆ ਦਾ ਵੁਜ਼ੂ ਟੁੱਟ ਗਿਆ
ਹੁਣ ਮੇਰੀ ਤ੍ਰਹਿ ਨਮਾਜ਼ ਕਿਵੇਂ ਪੜ੍ਹੇਗੀ
ਦਰਿਆ ਤੇ ਤੀਮਮ ਵੀ ਨਹੀਂ ਕਰ ਸਕਦੇ
ਮੈਂ ਕੱਲ੍ਹ ਇਕ ਸੁਫ਼ਨਾ ਵੇਖਿਆ ਹੈ
ਜੇ ਮੇਰੇ ਮਸਲੇ ਥੱਲੇ ਸੱਪ ਹੀ ਸੱਪ ਨੇਂ
ਮੌਲਵੀ ਹੋਰਾਂ ਨੂੰ ਮੈਂ ਇਹ ਸੁਫ਼ਨਾ ਦੱਸ ਕੇ ਤਾਬੀਰ ਪੁੱਛੀ
ਤੇ ਉਨ੍ਹਾਂ ਦੀਆਂ ਅੱਖੀਆਂ ਗੋਲ ਤੇ ਤੇਜ਼ ਚਕਮਦਾਰ
ਜਭਿ ਕਿੱਕਰ ਦੇ ਕੰਡੇ ਵਰਗੀ ਨਿਵਕੇਲੀ
ਤੇ ਬੁਲਾ ਨੀਲੇ ਥੋਥੇ ਵਰਗੇ ਹੋ ਗਏ
ਮੂੰਹ ਵਿਚੋਂ ਜ਼ਹਿਰੀਲੀ ਜਿਹੀ ਝੱਗ ਵਗਣ ਲੱਗ ਪਈ
ਕਹਿਣ ਲੱਗੇ ਚਾਲ੍ਹੀ ਦਿਹਾੜੇ
ਖ਼ਾਲਸ ਦੁੱਧ ਵਿਚ ਖੀਰ ਪੱਕਾ ਕੇ ਮਸਜਿਦ ਵਿਚ ਭੇਜਦੇ ਰਹੋ
ਸਭ ਠੀਕ ਹੋਵੇਗਾ

ਮੈਨੂੰ ਮੀਆਂ ਮੁਹੰਮਦ ਹੋਰਾਂ ਦਾ ਖੀਰ ਤੇ ਕਿਤੇ ਆਲ਼ਾ ਬੀਤ ਆ ਗਿਆਐ
ਪਰ ਮੇਰਾ ਮਸਲਾ ਤੇ ਖੀਰ ਤੇ ਸੱਪ ਸੀ
ਖੀਰ ਤੇ ਕੁੱਤਾ ਨਹੀਂ

ਮੈਂ ਬਾਉਲ਼ਾ ਜਿਹਾ ਹੋ ਕੇ ਮੀਆਂ ਸਾਹਿਬ ਨੂੰ ਹਾਕ ਲਾਈ
ਤੇ ਉਨ੍ਹਾਂ ਨੇ ਆ ਕੇ ਗੱਲ ਸਮਝਾਈਯ
ਜੇ ਖੀਰ ਇਸ ਹੋਣੀ ਦੀ ਐਕਵੀਸ਼ਨ ਦਾ ਕਾਨਸਟਨਟ ਪਾਰਟ ਹੈ
ਤੇ ਸੱਪ ਤੇ ਆਪਣੀਆਂ ਜੋਨਾਂਂ
ਅਪਣਾ ਵਰਤਾਰਾ ਤੇ ਆਪਣੀਆਂ ਸ਼ਕਲਾਂ ਬਦਲਦੇ ਰਹਿੰਦੇ ਨੇਂ
ਝੱਲਿਆ ਸੱਪਾਂ ਤੇ ਮਸਲਾ ਨਹੀਂ ਡਾਹੀਦਾ
ਤੇ ਕੁੱਤਾ ਖੁੱਲ੍ਹਾ ਛੱਡ ਕੇ ਤਹੱਜੁਦ ਨਹੀਂ ਪੜ੍ਹੀ ਦੀ