ਛੋਟੀ ਉਮਰੇ ਦੁੱਖੜੇ ਵੱਡੇ ਹੋ ਗਏ ਨੇਂ

ਛੋਟੀ ਉਮਰੇ ਦੁੱਖੜੇ ਵੱਡੇ ਹੋ ਗਏ ਨੇਂ
ਬੱਚੇ ਜੰਮਦਿਆਂ ਸਾਰ ਈ ਬੁੱਢੇ ਹੋ ਗਏ ਨੇਂ

ਇੱਜ਼ਤ ਗ਼ੈਰਤ ਸਭ ਕੁੱਝ ਦਾਅ ਤੇ ਲਾ ਛੱਡੀ
ਗ਼ਰਜ਼ਾਂ ਹੱਥੋਂ ਲੋਕੀਂ ਕਮਲੇ ਹੋ ਗਏ ਨੇਂ

ਸੱਜਣ ਦੁਸ਼ਮਣ ,ਦੁਸ਼ਮਣ ਸੱਜਣ ਕਰ ਲਏ ਨੀ
ਤੇਰੇ ਲੇਖ ਦੇ ਅੱਖਰ ਪੱਠੇ ਹੋ ਗਏ ਨੇਂ

ਦੀਵੇ ਦੇ ਨਾਲ਼ ਯਾਰੀ ਤਾਂ ਈ ਲਾਂਦਾ ਨਹੀਂ
ਮੇਰੇ ਅੰਦਰ ਚਾਨਣ ਅੰਨੇ ਹੋ ਗਏ ਨੇਂ

ਇਸ਼ਕ ਬਜ਼ਾਰੇ ਹੁਸਨ ਤਮਾਸ਼ਾ ਆ ਲਾਇਆ
ਖੁੱਲੇ ਖਲੋਤੇ ਬੰਦੇ ਬਰਦੇ ਹੋ ਗਏ ਨੇਂ

ਹੁਣ ਤੇ ਤੇਰੇ ਨਾਲ਼ ਗਿਲਾ ਇਹ ਬਣ ਦਾ ਏ
ਤੇਰੇ ਦੁੱਖ ਵੀ ਤੇਰੇ ਵਰਗੇ ਹੋ ਗਏ ਨੇਂ

ਮੈਂ ਤੇ ਐਵੇਂ ਭੁੱਖ ਦਾ ਰੌਣਾ ਰੋਇਆ ਸੀ
ਸਾਰੇ ਸੱਜਣ ਸੱਜੇ ਖੱਬੇ ਹੋ ਗਏ ਨੇਂ