ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ

ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ
ਤੂੰ ਵੀ ਸਾਨੂੰ ਛੱਡ ਜਾਣਾ ਏਂ ਹੋਰ ਉਦਾਸਾ ਕਰਕੇ

ਇਹ ਵੇਲਾ ਵੀ ਆਉਣੈਂ ਪਰ ਇਹ ਵੇਲਾ ਕਦੀ ਨਾ ਆਵੇ,
ਲੰਘਣ ਕਿਰਨਾਂ ਜਦ ਇਕ ਦੂਜੇ ਕੋਲੋਂ ਪਾਸਾ ਕਰਕੇ

ਕੱਚੀ ਉਡਣੀ ਉੱਡਣ ਦੇ ਇਸ ਸ਼ੌਕ ਨੇ ਔਖਾ ਕੀਤਾ,
ਭੰਨ ਲਏ ਆਪਣੇ ਖੰਭ ਹਵਾਵਾਂ ਤੇ ਭਰਵਾਸਾ ਕਰਕੇ

ਨਾਲੇ ਭਰਮ ਗਵਾਇਆ ਆਪਣਾ ਨਾਲੇ ਮਾਨ ਵੀ ਟੁੱਟਾ,
ਲੱਭਿਆ ਕੀ ਉਸ ਥੋੜ ਦਿਲੇ ਦੇ ਅੱਗੇ ਕਾਸਾ ਕਰਕੇ

ਮੈਂ ਗਿਰਝਾਂ ਦੇ ਕੋਲੋਂ ਆਪਣਾ ਆਪ ਬਚਾਕੇ 'ਅੰਜੁਮ',
ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ-ਮਾਸਾ ਕਰਕੇ