ਮੈਂ ਆਖਿਆ ਆਪਣੇ ਚੌਧਰੀ ਨੂੰ

ਮੈਂ ਆਖਿਆ ਆਪਣੇ ਚੌਧਰੀ ਨੂੰ
ਸਾਈਂ ਸੁਣਿਆ ਏ ਨਾਲ਼ ਦੀ ਵਸਤੀ ਵਿਚ
ਸਰਕਾਰੀ ਮਕਤਬ ਖੁੱਲ੍ਹਾ ਏ
ਜਿਥੇ ਪੜ੍ਹਦਨ ਬਾਲ ਗ਼ਰੀਬਾਂ ਦੇ
ਜਿਥੇ ਮੁਫ਼ਤ ਕਿਤਾਬਾਂ ਢੀਂਦੀਆਂ ਹਨ
ਕਾਈ ਫ਼ੀਸ ਪੜ੍ਹਾਈ ਦੀ ਨਈਂ ਲਗਦੀ
ਮੈਂ ਸੁਣਿਆ ਏ ਇਲਮ ਖ਼ਜ਼ਾਨਾ ਏ
ਇਹ ਇਲਮ ਏ ਚਾਨਣ ਅੱਖੀਆਂ ਦਾ
ਸੱਤ ਪੀੜ੍ਹੀਆਂ ਮੇਰੀਆਂ ਹੱਡੀਆਂ ਹਨ
ਸਰਕਾਰ ਦੀ ਤਾਬੇਦਾਰੀ ਵਿਚ
ਐਹੋ ਮੰਗਣਾ ਅਜਰ ਗ਼ੁਲਾਮੀ ਦਾ
ਸਦੀਆਂ ਦੀਆਂ ਅੰਨ੍ਹਿਆਂ ਅੱਖੀਆਂ ਵਿਚ
ਮੈਂ ਇਲਮ ਦਾ ਸੁਰਮਾ ਪਾਵਣਾ ਏ
ਮੈਂ ਅਪਣਾ ਪੁਤਰ ਪੜ੍ਹਾਵਨਾ ਏ
ਅੱਗੋਂ ਦਰੜਿਕ ਕਿ ਚੌਧਰੀ ਆਹਦਾ ਏ
ਕੁਝ ਸੋਚ ਸਮਝ ਕਿ ਬੋਲਿਆ ਕਰ
ਤੇਰਾ ਪੁੱਤਰ ਸਕੂਲੇ ਜਾਸੀ ਤਾਂ
ਇਹਨੂੰ ਵੇਖ ਕਿ ਪਿੰਡ ਦਿਆਂ ਲੋਕਾਂ ਨੂੰ
ਰੀਸ ਅਮਸੀ ਬਾਲ ਪੜਾਉਣ ਦੀ
ਜੇ ਰਸਮ ਪੜ੍ਹਾਈ ਦੀ ਚੱਲ ਪਈ ਤਾਂ
ਮੇਰੇ ਬਖ਼ਤ ਦਾ ਸੂਰਜ ਢਲ ਜਾਸੀ
ਮੇਰੇ ਮਾਲ ਦੇ ਪੱਠੇ ਕੇਂਹ ਕਿਰਨਿਨ
ਮੇਰੇ ਕੌਣ ਨਵੇਸੀ ਕੁੱਤਿਆਂ ਨੂੰ
ਮੈਨੂੰ ਹੁੱਕਾ ਕੌਣ ਭਖਾ ਦੇਸੀ
ਮੇਰੇ ਬਾਲ ਸ਼ਿਕਾਰ ਤੋਂ, ਹਟਸਿਨ ਤਾਂ
ਲੜ ਕੌਣ ਮਰੇਸੀ ਗੱਡੀ ਤੇ
ਉਹਦੇ ਸੁਣ ਕੇ ਬੋਲ ਹਕਾਰਤ ਦੇ
ਚੁੱਪ ਕਰ ਕੇ ਘਰ ਨੂੰ ਰਲਿਕ ਪਿਉਮ
ਰਿਹਾ ਵਸਦਾ ਸਾਵਣ ਅੱਖੀਆਂ ਦਾ
ਸਾਰੀ ਰਾਤ ਸੋਚੇਂਦਿਆਂ ਗੁਜ਼ਰ ਗਈ
ਮੇਰਾ ਪੁੱਤਰ ਏ ਨਾਜ਼ੁਕ ਫੁੱਲਾਂ ਤੋਂ
ਨਈਂ ਅੱਗ ਰੱਖ ਸਕਦਾ ਡਫੇ ਤੇ
ਨਈਂ ਗਰਮ ਹਵੇਜ਼ਾ ਚਾ ਸਕਦਾ
ਈਹਾ ਸੋਚ ਸੁਚੇਂਦਿਆਂ ਅੱਖ ਲੱਗ ਗਈ
ਹਿਕ ਵੇਖਿਆ ਮੰਜ਼ਰ ਖ਼ਾਬ ਦੇ ਵਿਚ
ਮੇਰੇ ਪੁੱਤਰ ਦੀ ਕੰਡ ਤੇ ਬਸਤਾ ਏ
ਉਹਦੇ ਹੱਥ ਚਿ ਹਾਰ ਏ ਫੁੱਲਾਂ ਦਾ
ਉਤਾਂ ਅੱਡੀਆਂ ਚਾ ਕੇ ਗੱਲ ਮੇਰੇ
ਓ ਹਾਰ ਪੁਆਵਨਾ ਚਾਹੁੰਦਾ ਏ
ਅਜੇ ਅੱਖ ਦਾ ਖ਼ਾਬ ਅਧੂਰਾ ਹਾ
ਉਦੋਂ ਘਰ ਦਾ ਕੁੰਡਾ ਖਿੜਕ ਪਿਆ
ਮੈਂ ਪੁੱਛਿਆ ਕੌਣ ਐਂ ਕੀ ਆਹਨਾਏਂ
ਅੱਗੋਂ ਬੋਲਿਆ ਮੁਨਸ਼ੀ ਚੌਧਰੀ ਦਾ
ਤੈਨੂੰ ਚੌਧਰੀ ਸਾਹਿਬ ਸਦੇਂਦੇ ਹਨ
ਮੈਂ ਆਖਿਆ ਆਖੀਂ ਚੌਧਰੀ ਨੂੰ
ਮੈਨੂੰ ਨਾਫ਼ਰਮਾਨੀ ਮਾਫ਼ ਕਰੇ
ਮੇਰੇ ਪੈਰੀਂ ਲੱਜ ਦੀਆਂ ਬੇੜੀਆਂ ਹਨ
ਮੇਰੇ ਆਕਬ ਹੱਥ ਮਫ਼ਲੂਜ ਤਾਂ ਨਈਂ
ਮੈਂ ਅੱਜ ਲਾ ਢਿਡ ਚੋਂ ਢੋ ਲਈ ਏ
ਮੈਂ ਕਹੀਂ ਦੀ ਨੌਕਰੀ ਨਈਂ ਕਰਨੀ
ਸਿਰ ਦੇਸਾਂ ਹੇਠ ਤਗਾੜੀ ਦੇ
ਹਾਂ ਦੇਸਾਂ ਚੀਰ ਪਹਾੜਾਂ ਦਾ
ਰੁੱਖ ਦੇਸਾਂ ਮੋੜ ਸਮੁੰਦਰਾਂ ਦਾ
ਵੰਜ ਆਖੀਂ ਆਪਣੇ ਚੌਧਰੀ ਨੂੰ
ਸਿੱਖੇ ਅਟਕਲ ਆਪ ਭੁੱਖਾਉਣ ਦੀ
ਯਾ ਹੁੱਕਾ ਪੀਵਨਾ ਛੱਡ ਦੇਵੇ
ਸਦੀਆਂ ਦੀਆਂ ਅੰਨ੍ਹੀਆਂ ਅਲ੍ਹੀਆਂ ਵਿਚ
ਮੈਂ ਇਲਮ ਦਾ ਸੁਰਮਾ ਪਾਵਣਾ ਏ
ਮੈਂ ਅੱਜ ਲਾ ਢਿਡ ਚੋਂ ਢੋ ਲਈ ਏ
ਮੈਂ ਅਪਣਾ ਪੁਤਰ ਪੜ੍ਹਾਵਨਾ ਏ