ਬੁੱਲ੍ਹੇ ਨੂੰ ਸਮਝਾਵਣ ਆਈਆਂ

ਬੁੱਲ੍ਹੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ
ਆਲ ਨਬੀ ਔਲਾਦ ਨਬੀ ਨੂੰ ਤੂੰ ਕਿਉਂ ਲੀਕਾਂ ਲਾਈਆਂ
ਜਿਹੜਾ ਸਾਨੂੰ ਸਈਯੱਦ ਸੱਦੇ ਦੋਜ਼ਖ ਮਿਲਣ ਸਜ਼ਾਈਆਂ
ਜੋ ਕੋਈ ਸਾਨੂੰ ਰਾਈਂ ਆਖੇ ਬਹਿਸ਼ਤੀਂ ਪੀਂਘਾਂ ਪਾਈਆਂ
ਰਾਈਂ ਸਾਈਂ ਸਭਨੀ ਥਾਈਂ ਰੱਬ ਦੀਆਂ ਬੇਪਰਵਾਹੀਆਂ
ਸੋਹਣੀਆਂ ਪਰੇ ਹਟਾਈਆਂ ਨੇ ਤੇ ਕੋਝੀਆਂ ਲੈ ਗਲ ਲਾਈਆਂ
ਜੇ ਤੂੰ ਲੋੜੇਂ ਬਾਗ਼ ਬਹਾਰਾਂ ਚਾਕਰ ਹੋ ਜਾ ਰਾਈਆਂ
ਬੁੱਲ੍ਹੇ ਸ਼ਾਹ ਦੀ ਜ਼ਾਤ ਕੀ ਪੁੱਛਨਾ ਏਂ ਸ਼ਾਕਰ ਹੋ ਰਜ਼ਾਈਆਂ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 104 ( ਹਵਾਲਾ ਵੇਖੋ )