ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣ ਕੇ ਲੋਗ ਨਾ ਸਹਿੰਦੇ ਨੇਂ
ਸੱਚ ਆਖੀਏ ਤਾਂ ਗਲ ਪੈਂਦੇ ਨੇਂ
ਫਿਰ ਸੱਚੇ ਪਾਸ ਨਾ ਬਹਿੰਦੇ ਨੇਂ
ਸੱਚ ਮਿੱਠਾ ਆਸ਼ਿਕ ਪਿਆਰੇ ਨੂੰ

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸ਼ਰਾਅ ਕਰੇ ਬਰਬਾਦੀ ਏ
ਸੱਚ ਆਸ਼ਿਕ ਦੇ ਘਰ ਸ਼ਾਦੀ ਏ
ਸੱਚ ਕਰਦਾ ਨਵੀਂ ਅਬਾਦੀ ਏ
ਜਿਹੀ ਸ਼ਰਾਅ ਤਰੀਕਤ ਹਾਰੇ ਨੂੰ

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਚੁੱਪ ਆਸ਼ਿਕ ਤੋਂ ਨਾ ਹੁੰਦੀ ਏ
ਜਿਸ ਆਈ ਸੱਚ ਸੌਗੰਦੀ ਏ
ਜਿਸ ਮਾਹਲ ਸੁਹਾਗ ਦੀ ਗੰਧੀ ਏ
ਛੱਡ ਦੁਨੀਆ ਕੂੜ ਪਸਾਰੇ ਨੂੰ

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਬੁਲਾਹ ਸ਼ੋਹ ਹੁਣ ਸੱਚ ਬੋਲੇ ਹੈਂ
ਸੱਚ ਸ਼ਰਾਅ ਤਰੀਕਤ ਫੋਲੇ ਹੈਂ
ਗੱਲ ਚੌਥੇ ਪਦ ਦੀ ਖੋਲੇ ਹੈਂ
ਜਿਹੀ ਸ਼ਰਾਅ ਤਰੀਕਤ ਹਾਰੇ ਨੂੰ

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 167 ( ਹਵਾਲਾ ਵੇਖੋ )