ਜਿਸ ਤਨ ਲੱਗਿਆ ਇਸ਼ਕ ਕਮਾਲ

ਜਿਸ ਤਨ ਲੱਗਿਆ ਇਸ਼ਕ ਕਮਾਲ
ਨਾਚੇ ਬੇਸੁਰ ਤੇ ਬੇਤਾਲ

ਦਰਦਮੰਦਾਂ ਨੂੰ ਕੋਈ ਨਾ ਛੇੜੇ
ਜਿਸ ਨੇ ਆਪੇ ਦੁੱਖ ਸਹੇੜੇ
ਜੰਮਣਾ ਜਿਊਣਾ ਮੂਲ ਉਖੇੜੇ
ਬੂਝੇ ਆਪਣਾ ਆਪ ਖ਼ਿਆਲ

ਜਿਸ ਤਨ ਲੱਗਿਆ ਇਸ਼ਕ ਕਮਾਲ
ਨਾਚੇ ਬੇਸੁਰ ਤੇ ਬੇਤਾਲ

ਜਿਸ ਨੇ ਵੇਸ ਇਸ਼ਕ ਦਾ ਕੀਤਾ
ਧੁਰ ਦਰਬਾਰੋਂ ਫ਼ਤਵਾ ਲੀਤਾ
ਜਦੋਂ ਹਜ਼ੂਰੋਂ ਪਿਆਲਾ ਪੀਤਾ
ਕੁੱਝ ਨਾ ਰਿਹਾ ਜਵਾਬ ਸਵਾਲ

ਜਿਸ ਤਨ ਲੱਗਿਆ ਇਸ਼ਕ ਕਮਾਲ
ਨਾਚੇ ਬੇਸੁਰ ਤੇ ਬੇਤਾਲ

ਜਿਸ ਦੇ ਅੰਦਰ ਵਸਿਆ ਯਾਰ
ਉਠਿਆ ਯਾਰੋ ਯਾਰ ਪੁਕਾਰ
ਨਾ ਉਹ ਚਾਹੇ ਰਾਗ ਨਾ ਤਾਰ
ਐਵੇਂ ਬੈਠਾ ਖੇਡੇ ਹਾਲ

ਜਿਸ ਤਨ ਲੱਗਿਆ ਇਸ਼ਕ ਕਮਾਲ
ਨਾਚੇ ਬੇਸੁਰ ਤੇ ਬੇਤਾਲ

ਬੁੱਲ੍ਹਾ ਸ਼ੌਹ ਵਾਗਰ ਸੱਚ ਪਾਇਆ
ਝੂਠਾ ਰੌਲਾ ਸਭ ਮੁਕਾਇਆ
ਸੱਚਿਆਂ ਕਾਰਨ ਸੱਚ ਸੁਣਾਇਆ
ਪਾਇਆ ਉਸ ਦਾ ਪਾਕ ਜਮਾਲ

ਜਿਸ ਤਨ ਲੱਗਿਆ ਇਸ਼ਕ ਕਮਾਲ
ਨਾਚੇ ਬੇ ਸੁਰ ਤੇ ਬੇ ਤਾਲ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 159 ( ਹਵਾਲਾ ਵੇਖੋ )