ਦਿਲ ਲੋਚੇ ਮਾਹੀ ਯਾਰ ਨੂੰ

ਦਿਲ ਲੋਚੇ ਮਾਹੀ ਯਾਰ ਨੂੰ

ਇਕ ਹੱਸ ਹੱਸ ਗੱਲ ਕਰਦੀਆਂ
ਇਕ ਰੋਂਦੀਆਂ ਧੋਂਦੀਆਂ ਮਰਦੀਆਂ
ਕਹੋ ਫੁੱਲੀ ਬਸੰਤ ਬਹਾਰ ਨੂੰ
ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਨ੍ਹਾਤੀ ਧੋਤੀ ਰਹਿ ਗਈ
ਇਕ ਗੰਢ ਸਜਣ ਵਲ ਬਹਿ ਗਈ
ਭਾਹ ਲਾਈਏ ਹਾਰ ਸ਼ਿੰਗਾਰ ਨੂੰ
ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਦੂਤੀਆਂ ਘਾਇਲ ਕੀਤੀ ਆਂ
ਸੂਲਾਂ ਖੈਰ ਚੁਫੇਰੋਂ ਲੀਤੀ ਆਂ
ਘਰ ਆ ਮਾਹੀ ਦੀਦਾਰ ਨੂੰ
ਦਿਲ ਲੋਚੇ ਮਾਹੀ ਯਾਰ ਨੂੰ

ਬੁੱਲ੍ਹਾ ਸ਼ੌਹ ਮੇਰੇ ਘਰ ਆਇਆ
ਮੈਂ ਘੁੱਟ ਰਾਂਝਣ ਗਲ ਲਾਇਆ
ਦੁੱਖ ਗਏ ਸਮੁੰਦਰ ਪਾਰ ਨੂੰ
ਦਿਲ ਲੋਚੇ ਮਾਹੀ ਯਾਰ ਨੂੰ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 178 ( ਹਵਾਲਾ ਵੇਖੋ )