ਤੇਰੇ ਇਸ਼ਕ ਨਚਾਇਆ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਤੇਰੇ ਇਸ਼ਕ ਨੇ ਡੇਰਾ, ਮੇਰੇ ਅੰਦਰ ਕੀਤਾ
ਭਰ ਕੇ ਜ਼ਹਿਰ ਪਿਆਲਾ, ਮੈਂ ਤਾਂ ਆਪੇ ਪੀਤਾ
ਝਬਦੇ ਬੋਹੜੀਂ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆਂ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਛੁਪ ਗਿਆ ਵੇ ਸੂਰਜ, ਬਾਹਰ ਰਹਿ ਗਈ ਆ ਲਾਲੀ
ਵੇ ਮੈਂ ਸਦਕੇ ਹੋਵਾਂ, ਦੇਵੇਂ ਮੁੜ ਜੇ ਵਖ਼ਾਲੀ
ਪੀਰਾ! ਮੈਂ ਭੁੱਲ ਗਈ ਆਂ ਤੇਰੇ ਨਾਲ਼ ਨਾ ਗਈ ਆ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਏਸ ਇਸ਼ਕ ਦੇ ਕੋਲੋਂ, ਮੈਨੂੰ ਹਟਕ ਨਾ ਮਾਏ
ਲਾਹੂ ਜਾਂਦੜੇ ਬੇੜੇ, ਕਿਹੜਾ ਮੋੜ ਲਿਆਏ
ਮੇਰੀ ਅਕਲ ਜੋ ਭੁਲੀ, ਨਾਲ਼ ਮੁਹਾਣਿਆਂ ਦੇ ਗਈ ਆ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਏਸ ਇਸ਼ਕੇ ਦੀ ਝੰਗੀ ਵਿਚ ਮੋਰ ਬੁਲੇਂਦਾ
ਸਾਨੂੰ ਕਿਬਲਾ ਤੇ ਕਾਅਬਾ, ਸੋਹਣਾ ਯਾਰ ਦਸੀਂਦਾ
ਸਾਨੂੰ ਘਾਇਲ ਕਰ ਕੇ, ਫੇਰ ਖ਼ਬਰ ਨਾ ਲਈ ਆ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਬੁੱਲ੍ਹਾ ਸ਼ੋਹ ਨੇ ਆਂਦਾ, ਮੈਨੂੰ ਇਨਾਯੱਤ ਦੇ ਬੂਹੇ
ਜਿਸ ਨੇ ਮੈਨੂੰ ਪਵਾਏ , ਚੋਲੇ ਸਾਵੇ ਤੇ ਸੂਹੇ
ਜਾਂ ਮੈਂ ਮਾਰੀ ਹੈ ਅੱਡੀ, ਮਿਲ ਪਿਆ ਹੈ ਵਹੀਆ

ਤੇਰੇ ਇਸ਼ਕ ਨਚਾਇਆ ਕਰ ਕੇ ਥੱਈਆ ਥੱਈਆ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 146 ( ਹਵਾਲਾ ਵੇਖੋ )