ਘੜਿਆ ਲੀ ਦਿਓ ਨਿਕਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਘੜੀ ਘੜੀ ਘੜਿਆਲ ਬਜਾਵੇ
ਰੈਣ ਵਸਲ ਦੀ ਪਿਆ ਘਟਾਵੇ
ਮੇਰੇ ਮਨ ਦੀ ਬਾਤ ਜੋ ਪਾਵੇ
ਹੱਥੋਂ ਚਾ ਸੁੱਟੇ ਘੜਿਆਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਅਨਹਦ ਵਾਜਾ ਵੱਜੇ ਸੁਹਾਨਾ
ਮੁਤਰਿਬ ਸੁਘੜਾ ਤਾਨ ਤਰਾਨਾ
ਭੁੱਲਾ ਸੌਮ ਸਲਾਅਤ, ਦੁਗਾਨਾ
ਮਧ ਪਿਆਲਾ ਦੇਣ ਕਲਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਮੁਖ ਵੇਖਣ ਦਾ ਅਜਬ ਨਜ਼ਾਰਾ
ਦੁੱਖ ਦਿਲਦੱਰ ਉੱਠ ਗਿਆ ਸਾਰਾ
ਰੈਣ ਵੱਡੀ ਕਿਆ ਕਰੇ ਪਸਾਰਾ
ਦਿਲ ਅੱਗੇ ਧਰੋ ਦੀਵਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਮੈਨੂੰ ਆਪਣੀ ਖਬਰ ਨਾ ਕਾਈ
ਕਿਆ ਜਾਨਾਂ ਮੈਂ ਕਿਤ ਗਵਾਈ
ਇਹ ਗੱਲ ਕਿਉਂ ਕਰ ਛੁਪੇ ਛਪਾਈ
ਹੁਣ ਹੋਇਆ ਫਜ਼ਲ ਕਮਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਟੂਣੇ ਕਾਮਣ ਕੀਏ ਹੋ ਬਥੇਰੇ
ਮਿਹਰੀ ਆਏ ਵੱਡੇ ਵਡੇਰੇ
ਤਾਂ ਘਰ ਆਇਆ ਜਾਨੀ ਮੇਰੇ
ਰਹਾਂ ਲੱਖ ਵਰ੍ਹੇ ਉਸ ਨਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਬੁਲ੍ਹਾ ਸ਼ੋਹ ਦੀ ਸੇਜ਼ ਪਿਆਰੀ
ਨੀ ਮੈਂ ਤਾਰਨ ਤਾਰੇ ਹਾਰੀ
ਕਿਵੇਂ ਕਿਵੇਂ ਹੁਣ ਆਈ ਵਾਰੀ
ਹੁਣ ਵਿਛੜਨ ਹੋਇਆ ਮੁਹਾਲ ਨੀ

ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਸਫ਼ਾ 289 ( ਹਵਾਲਾ ਵੇਖੋ )