ਕਿਹੜਾ ਕਿਹੜਾ ਭੇਦ ਲੁਕਾਵਾਂ, ਕਿਹੜੀਆਂ ਰਮਜ਼ਾਂ ਖੋਲਾਂ

ਕਿਹੜਾ ਕਿਹੜਾ ਭੇਦ ਲੁਕਾਵਾਂ, ਕਿਹੜੀਆਂ ਰਮਜ਼ਾਂ ਖੋਲਾਂ
ਆਖੋ ਤੇ ਮੈਂ ਚੁੱਪ ਰਹਿੰਦਾ ਆਂ, ਆਖੋ ਤੇ ਮੈਂ ਬੋਲਾਂ

ਕਿਹੜਾ ਮੇਰੇ ਨਾਲ਼ ਖਲੋਸੀ, ਕਿਹੜਾ ਆਦਰ ਕਰਸੀ
ਹੌਲੀ ਗੱਲ ਨੂੰ ਜੇ ਮੈਂ ਸੱਜਰੇ ਹਰਫ਼ ਦੀ ਤਕੜੀ ਤੋਲਾਂ

ਬੇਰੀ, ਡੇਲੇ, ਸੌਂਫ਼, ਹੰਜੀਰਾਂ, ਚੜ੍ਹੀਆਂ ਰੱਜ ਉੜੀਕੇ
ਨਾ ਮੈਂ ਸ਼ਕਰੀ ਸੰਗਰੀ ਚਿੱਥੀ ਨਾ ਮੈਂ ਚੱਬੀਆਂ ਹੋਲਾਂ

ਅੱਧੀ ਰਾਤੀ ਸੁੰਝ ਬਰਬਰ ਤੋਂ ਆਉਣ ਹੋਤ ਹੁਲਾਰੇ
ਜਾਗ ਹੋਵੇ ਤਾਂ ਮਾੜੀ ਚੜ੍ਹ ਕੇ ਖ਼ਾਨਪੁੰਲ ਨੂੰ ਗੋਲਾਂ

ਖ਼ਬਰੇ ਕਿਦਰੋਂ ਹੱਥ ਲੱਗ ਜਾਵੇ ਬਾਲ਼ਪੁਣੇ ਦੀ ਮਸਤੀ
ਕੋਈ ਕੋਠਾ ਛਾਣ ਕੇ ਵੇਖਾਂ,ਕੋਈ ਕਧ ਫਰੋਲ਼ਾਂ

ਸਾਜਿਦ ਵਰਗਾ ਹੋਰ ਨਾ ਕੋਈ ਮਾਂ ਬੋਲੀ ਦਾ ਸੇਵਕ
ਮੇਰਾ ਵੱਸ ਚਲੇ ਤਾਂ ਜਿੰਦੜੀ ਉਹਦੇ ਨਾਂ ਤੋਂ ਘੋਲਾਂ