ਕੁੰਨ ਦੇ ਗੁਣ

ਹੁਣ ਜੋ ਮੈਂ ਸਾਂ, ਮੈਂ ਹੁਣ ਉਹ ਨਈਂ
ਹੁਣ ਜੋ ਹੋਸਾਂ, ਉਹ ਨਾ ਰਿਹੱਸਾਂ
ਮੁੜ ਕੇ ਵੇਖਣ ਦਾ ਕੰਮ ਭੈੜਾ
ਹਰ ਪਲ ਪਿਛਲੇ ਪਲ ਦਾ ਬਾਲਣ
ਆਉਣ ਵਾਲਾ ਭੁਜਦਾ ਆਂਦਾ ਏ
ਜਾਵਣ ਵਾਲਾ ਸਿਲਹ ਬਣ ਜਾਂਦਾ
ਵੇਲੇ ਦੀ ਕਦ ਪੀਡ਼ੀ ਕਰਕੇ
ਸੁਫ਼ਨੇ ਦੀ ਕਿਲ ਕਿਲ ਬਣ ਜਾਂਦਾ

ਦੂਰ ਦੇ ਤਾਰੇ ਦੂਰ ਈ ਚੰਗੇ
ਅਸਮਾਨਾਂ ਦੀ ਛੱਤ ਕੀਨੇ ਵੇਖੀ
ਮਿੱਟੀ ਮਿੱਟੀ ਏ ਕਿ ਨਈਂ ਏ
ਪਾਣੀ ਅੱਗ ਦਾ ਪੱਘਰ ਤੇ ਨਈਂ
ਵਾ ਵਗਦੀ ਕਿ ਮੈਂ ਬਮਦਾ ਆਂ

ਤੂੰ ਸਿੰਮਦਾ ਕਿ ਮੈਂ ਸਿੰਮਦਾ ਆਂ
ਇਹ ਝੇੜਾ ਕੋਈ ਭੰਨ ਨਈਂ ਸਕਿਆ
ਦੂਏ ਵਰਗਾ ਬਣ ਨਈਂ ਸਕਿਆ

ਭੁਮੱਦੀ ਭੋਈਂ ਦੇ ਸੀਨੇ ਉੱਤੇ
ਖੁਲ੍ਹਿਆਂ ਵੀ ਸਭ ਟੁਰਦੇ ਰਹਿੰਦੇ
ਸਿੱਧ ਪਸਿਧੇ ਪੱਧ ਕਰੇਂਦੇ

ਪਿਛਲੇ ਪੱਬ ਤੇ ਮੁੜਦੇ ਰਹਿੰਦੇ
ਆਪਣੇ ਆਪ ਨੂੰ ਵੇਖ ਨਈਂ ਸਕਦੇ
ਨਾ ਵੇਖਣ ਤੋਂ ਡਰਦੇ ਰਹਿੰਦੇ

ਉਤੇ ਦੇਖੋ ਤਾਂ ਮਾਜ਼ੀ ਏ
ਹੇਠਾਂ ਵੀ ਸਭ ਰੰਗ ਬਾਜ਼ੀ ਏ

ਖ਼ਾਲਿਕ ਤੇ ਮਖ਼ਲੂਕ ਵੀ ਇਕੋ
ਸੀਨਾ ਤੇ ਬੰਦੂਕ ਵੀ ਇਕੋ
ਮੈਂ ਨੂੰ ਮੈਂ ਦਾ ਡਰ ਰਹਿੰਦਾ ਏ

ਆਪਣੇ ਭਾਰ ਦੀ ਸੱਟ ਸਹਿੰਦਾ ਏ
ਸਰਸਵਤੀ ਤੇ ਵਿਸ਼ਨੂ ਇਕ ਨੇਂ

ਸ਼ਿਵ ਏ ਪਾਰਵਤੀ ਦੀ ਸੂਰਤ
ਮੂਰਤ ਮੂਰਤ ਦੀ ਖ਼ਾਲਿਕ ਏ
ਜੋ ਬਰਦਾ ਏ ਸੋ ਮਾਲਿਕ ਏ