ਉਹਦੇ ਦਰ ਤੱਕ ਰਸਾਈ ਹੋ ਗਈ ਏ

ਉਹਦੇ ਦਰ ਤੱਕ ਰਸਾਈ ਹੋ ਗਈ ਏ
ਗ਼ਮਾਂ ਨਾਲ਼ ਆਸ਼ਨਾਈ ਹੋ ਗਈ ਏ

ਜ਼ਮਾਨੇ ਨੇ ਅਜਬ ਅੰਦਾਜ਼ ਬਦਲੇ
ਮੁਹੱਬਤ ਦੀ ਬੁਰਾਈ ਹੋ ਗਈ ਏ

ਗ਼ਰੀਬੀ ਬਣ ਗਈ ਏ ਐਬ ਅੱਜ ਕੱਲ੍ਹ
ਇਮਾਰਤ ਪਾਰਸਾਈ ਹੋ ਗਈ ਏ

ਮੇਰੇ ਅਖ਼ਲਾਸ ਦਾ ਮੁੱਲ ਪੇ ਗਿਆ ਏ
ਉਹਦੀ ਨਫ਼ਰਤ ਸਵਾਈ ਹੋ ਗਈ ਏ

ਤੂੰ ਅਪਣਾ ਜਾਣ ਕੇ ਮੈਨੂੰ ਰਵਾ ਨਾ
ਬੜੀ ਹੁਣ ਜੱਗ ਹਸਾਈ ਹੋ ਗਈ ਏ

ਗੁਆ ਬੈਠਾ ਏ ਅਪਣਾ ਆਪ ਆਦਮ
ਸ਼ਕਲ ਆਪਣੀ ਪਰਾਈ ਹੋ ਗਈ ਏ

ਵਸਲ ਦੀ ਆਰਜ਼ੂ ਕੀਤੀ ਸੀ ਸ਼ੀਦਾ
ਮੁਕੱਦਰ ਵਿਚ ਜੁਦਾਈ ਹੋ ਗਈ ਏ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 29 ( ਹਵਾਲਾ ਵੇਖੋ )