ਕੀ ਅੰਦਾਜ਼ਾ ਲਾਵਾਂ ਤੋਰ ਨਿਰਾਲੀ ਤੋਂ?

ਕੀ ਅੰਦਾਜ਼ਾ ਲਾਵਾਂ ਤੋਰ ਨਿਰਾਲੀ ਤੋਂ?
ਤੇਰੇ ਮੁੱਖ ਦੀ ਮੱਧਮ ਪੈਂਦੀ ਲਾਲੀ ਤੋਂ।

ਕਿੰਜ ਬਚਾਵਾਂ ਪਤਝੜ ਤੋਂ ਰੁੱਖ ਰੀਝਾਂ ਦਾ,
ਪੀਲੇ ਹੋ ਕੇ ਪੱਤਰ ਟੁੱਟਣ ਡਾਲੀ ਤੋਂ।

'ਖ਼ੁਸ਼ੀਆਂ ਦੀ ਸੌਗ਼ਾਤ ਨਹੀਂ 'ਗ਼ਮ' ਦੇ ਜਾਉ,
ਕੁੱਝ ਤਾਂ ਚੰਗਾ ਹੈ, ਦਿਲ ਖ਼ਾਲੀ-ਖ਼ਾਲੀ ਤੋਂ।

ਮਾਸ ਜਿਗਰ ਦਾ 'ਗ਼ਮ' ਨੂੰ ਭੁੰਨ ਖਵਾਉਣ ਲਈ,
ਡੱਕੇ ਤੋੜ ਲਏ 'ਬਿਰਹਾ' ਦੀ ਟਾਹਲੀ ਤੋਂ।

ਸ਼ੋਖ਼ ਅਦਾਵਾਂ ਲੈ ਕੇ ਏਥੋਂ ਤੁਰ ਜਾਵੋ,
ਦਿਲ ਨੂੰ ਘਿਣ ਆਉਂਦੀ ਹੈ ਹਾਸੇ ਜਾਅਲੀ ਤੋਂ।

ਕਿਉਂ ਦੱਸਦੇ ਹੋ ਮੈਨੂੰ ਰਸਤਾ ਖ਼ੁਆਰੀ ਦਾ,
ਬਚਣਾ ਚਾਹੁੰਦਾ ਹਾਂ ਮੈਂ ਇਸ਼ਕ-ਪਿਆਲੀ ਤੋਂ।

ਖੇਤਾਂ ਦਾ ਕਿਉਂ ਸੀਨਾ ਸਾੜੀ ਜਾਂਦੇ ਹੋ,
'ਗੱਤਾ' ਬਣਦੈ 'ਤੂੜੀ' ਅਤੇ 'ਪਰਾਲੀ' ਤੋਂ।

ਜਿਸ ਨੂੰ ਦਿੱਤਾ ਮੰਗਾਂ, ਦੁਸ਼ਮਣ ਬਣ ਜਾਵੇ,
ਤਾਹੀਉਂ ਬਚਦਾ ਹਾਂ ਹਰ ਇੱਕ ਸਵਾਲੀ ਤੋਂ।

ਮਿੱਠਾ ਬੋਲ ਬੁਲਾਵੇ ਜੇ ਕਰ ਉਸ ਨੂੰ 'ਨੂਰ',
ਅਰਥ ਨਵੇਂ ਉਹ ਕੱਢੇ ਨਰਮ-ਖ਼ਿਆਲੀ ਤੋਂ।