ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੫।

ਮੁਰਸ਼ਦ ਮੈਨੂੰ ਸਬਕ ਭੜਾਇਆ ।
ਯਾਰੋ ਯਾਰ ਚੌਤਰਫੇ ਛਾਇਆ ।
ਵਾਹਦ ਏਕੋ ਏਕ ਦਿਖਾਇਆ ।
ਹੁਣ ਕਿਸ ਦਾ ਜਾਪ ਜਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧।

ਕਿਸ ਦੀ ਖਾਤਰ ਮੱਕੇ ਜਾਵਾਂ ।
ਓਥੋਂ ਕਿਸ ਨੂੰ ਢੂੰਢ ਲਿਆਵਾਂ ।
ਜੇਹੜੀ ਤਰਫੇ ਅਖ ਉਠਾਵਾਂ ।
ਮੈਂ ਮੈਂ ਨਜ਼ਰੀ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨।

ਜਬ ਦਿਲਬਰ ਦੇ ਹੋਏ ਨਜ਼ਾਰੇ ।
ਉਸ ਦਾ ਰੂਪ ਹੋਏ ਫਿਰ ਸਾਰੇ ।
ਓਹੀ ਦਿਸਦਾ ਤਰਫਾਂ ਚਾਰੇ ।
ਜਿਧਰ ਅਖ ਉਠਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੩।

ਜਾਂ ਮੈਂ ਮੈਂ ਨੇ ਮਾਰ ਗਵਾਈ ।
ਖੁਦੀ ਛੱਡ ਕੇ ਮਿਲੀ ਖੁਦਾਈ ।
ਜਿਉਂ ਕਰ ਬੂੰਦ ਸਮੁੰਦਰ ਸਮਾਈ ।
ਹੋ ਫ਼ਾਨੀ ਰਬ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੪।

'ਨਾ ਹਨੋ ਅਕਬਰ' ਸੁਨ ਜ਼ਿੰਦਗਾਨੀ ।
ਵਿੱਚ ਕੁਰਾਨ ਕਲਾਮ ਰਬਾਨੀ ।
ਸ਼ਾਹ ਰਗ ਨੇੜੇ ਦਿਲਬਰ ਜਾਨੀ ।
ਕਿਆ ਮਸਜਦ ਮੇਂ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੫।

ਪਾਨੀ ਵਗਦਾ ਹੈ ਵਿੱਚ ਗੰਗਾ ।
ਗਿਆਨ ਗੰਗ ਮੇਂ ਨ੍ਹਾਵਨ ਚੰਗਾ ।
ਮਿਲਿਆ ਯਾਰ ਗਈ ਸਭ ਸੰਗਾ ।
ਕਿਆ ਗੰਗਾ ਮੇਂ ਨ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੬।

ਕਿਸ ਦੀ ਖਾਤਰ ਭੇਖ ਬਨਾਵਾਂ ।
ਜੋਗੀ ਹੋ ਕਿਸ ਨੂੰ ਦਿਖਲਾਵਾਂ ।
ਹਰ ਰੰਗ ਮੈਂ ਹੀ ਮੈਂ ਦਿਸ ਆਵਾਂ ।
ਕਿਸ ਨੂੰ ਬੇਦ ਪੜ੍ਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੭।

ਜਿਤ ਵਲ ਦੇਖਾਂ ਦਿਲਬਰ ਜਾਨੀ ।
ਲਾਖ ਤਰੰਗਾਂ ਏਕੋ ਪਾਨੀ ।
ਜਿਉਂ ਇਕ ਸੂਤ ਹੋਈ ਬਹੁ ਤਾਨੀ ।
ਕਿਆ ਕੁਦਰਤ ਆਖ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੮।

ਸਪਨੇ ਕਾ ਸਭ ਜਗਤ ਪਸਾਰਾ ।
ਜਾਗੇ ਏਕੋ ਰੂਪ ਹਮਾਰਾ ।
ਕਿਧਰੇ ਸੂਰਜ ਚੰਦ ਸਿਤਾਰਾ ।
ਕਿਧਰੇ ਰਾਜ ਕਮਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੯।

ਜਾਂ ਮੈਂ ਦੇਖਾਂ ਸੂਰਤ ਪਿਆਰੀ ।
ਵੈਰੀ ਹੋਈ ਖ਼ਲਕਤ ਸਾਰੀ ।
ਕਿਧਰੇ ਨਰ ਹੈ ਕਿਧਰੇ ਨਾਰੀ ।
ਕਿਆ ਕੁਛ ਰੰਗ ਦਿਖਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੦।

ਹਰ ਰੰਗ ਦੇ ਵਿੱਚ ਹਰ ਹੀ ਵੱਸੇ ।
ਆਪੇ 'ਲਾ ਮਕਾਨੀ' ਦੱਸੇ ।
ਟੁਟੇ ਗਫਲਤ ਵਾਲੇ ਰੱਸੇ ।
ਹੁਣ ਕੀ ਭੇਖ ਬਨਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੧।

ਖ਼ਲਕਤ ਸਾਨੂੰ ਕਾਫਰ ਕਹਿੰਦੀ ।
ਅਪਨੇ ਆਪ ਦੀ ਸਾਰ ਨਾ ਲੈਂਦੀ ।
ਲਾ ਦੇਖੋ ਹਥ ਪਰ ਮਹਿੰਦੀ ।
ਪਿੱਛੇ ਰੰਗ ਸੁਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੨।

ਘਰ ਵਿੱਚ ਯਾਰ ਨਾ ਢੂੰਡੇ ਕਾਈ ।
ਤੀਰਥ ਮਕੇ ਜਾਨ ਸਧਾਈ ।
ਭੁਲੀ ਫਿਰਦੀ ਸਭ ਲੁਕਾਈ ।
ਕਿਸ ਕਿਸ ਨੂੰ ਸਮਝਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੩।

ਸਚ ਕਹਾਂ ਤਾਂ ਦੁਸ਼ਮਨ ਲੱਖਾਂ ।
ਦਿਲ ਵਿੱਚ ਭੇਦ ਕਿਵੇਂ ਕਰ ਰੱਖਾਂ ।
ਅਗ ਨਾ ਛਪਦੀ ਅੰਦਰ ਕੱਖਾਂ ।
ਕੀਕਰ ਇਸ਼ਕ ਛਿਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੪।

ਜੋ ਕੋਈ ਭੇਖ ਪਖੰਡ ਬਨਾਵੇ ।
ਸੋ ਜਗ ਅੰਦਰ ਆਦਰ ਪਾਵੇ ।
ਸਚ ਕਹੇ ਤੇ ਖੱਲ ਲਹਾਵੇ ।
ਸਾਚੋ ਸਾਚ ਅਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੫।

ਸ਼ਾਹ ਰਗ ਨੇੜੇ ਦਿਲਬਰ ਵਸਦਾ ।
ਏਹ ਜਗ ਢੂੰਢਨ ਬਾਹਰ ਨਸਦਾ ।
ਕਿਧਰੇ ਰੋਂਦਾ ਕਿਧਰੇ ਹਸਦਾ ।
ਕੀ ਛਡਾਂ ਕੀ ਪਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੬।

ਵੋਹੀ ਤਨ ਮੇਂ ਵੋਹੀ ਮਨ ਮੇਂ ।
ਵੋਹੀ ਬਸਤੀ ਵੋਹੀ ਬਨ ਮੇਂ ।
ਵੋਹੀ ਲੜਤਾ ਜਾ ਰਨ ਮੇਂ ।
ਵੋਹੀ ਤੋ ਵੋਹੀ ਗਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੭।

ਕਹੀਂ ਸੋਹਨੀ ਸੂਰਤ ਪਿਆਰੀ ਹੈ ।
ਕਹੀਂ ਹੁਸਨ ਸਿੰਗਾਰੀ ਨਾਰੀ ਹੈ ।
ਕਹੀਂ ਲੋਹਾ ਕਹੀਂ ਕਟਾਰੀ ਹੈ ।
ਕਹੀਂ ਕਤਰਾ ਸਿੰਧ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੮।

ਕਹੀਂ ਬੇਦ ਕੁਰਾਨਾ ਪੜਦਾ ਹੈ ।
ਕਹੀਂ ਮੈਂ ਹਕ ਮੈਂ ਹਕ ਕਰਦਾ ਹੈ ।
ਕਹੀਂ ਹਕ ਕਹਿਨ ਥੀਂ ਲੜਦਾ ਹੈ ।
ਕਹੀਂ ਹਕੋ ਹਕ ਬਤਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੧੯।

ਸਾਚ ਕਹੂੰ ਨਹੀਂ ਕੋਈ ਮੰਨਦਾ ।
ਐਪਰ ਦੂਜੇ ਪਤਾ ਕੀ ਮਨ ਦਾ ।
ਮੂਰਖ ਦੇਖਨ ਬਾਨਾ ਤਨ ਦਾ ।
ਲਾਖੋਂ ਰੂਪ ਵਟਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੦।

ਕਿਧਰੇ ਰਾਜੇ ਰਾਜ ਕਮਾਵੇਂ ।
ਕਿਧਰੇ ਗਲੀਆਂ ਭੀਖ ਮੰਗਾਵੇਂ ।
ਹਮ ਹੀ ਲਖ ਲਖ ਰੂਪ ਵਟਾਵੇਂ ।
ਪੀਰ ਮੀਰ ਬਨ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੧।

ਕਿਧਰੇ ਜਾਗੇਂ ਕਿਧਰੇ ਸੋਵੇਂ ।
ਕਿਧਰੇ ਹੱਸੇਂ ਕਿਧਰੇ ਰੋਵੇਂ ।
ਕਿਧਰੇ ਐਨਲ ਹਕ ਬਗੋਵੇਂ ।
ਖੇਲ ਮਦਾਰ ਖਿਲਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੨।

ਆਵੋ ਦੇਖੋ ਸ਼ਕਲ ਹਮਾਰੀ ।
ਜਿਉਂ ਕਰ ਹੈ ਕਸਤੂਰੀ ਕਾਰੀ ।
ਜੇ ਕੋਈ ਆਵੇ ਸਾਚ ਬਪਾਰੀ ।
ਉਸ ਸੇ ਮੁਲ ਪਵਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੩।

ਮੈਂ ਹੀ ਬੁਲ੍ਹਾ ਸ਼ਾਹ ਹੋ ਆਇਆ ।
ਹੋ ਮਨਸੂਰ ਐਨਲ ਹਕ ਗਾਇਆ ।
ਸ਼ਾਹ ਸ਼ੱਮਸ ਬਨ ਚੰਮ ਲਹਾਇਆ ।
ਹਰ ਰੰਗ ਹਰ ਹੋ ਆਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੪।

ਸੋਹਨੇ ਦਾ ਹੈ ਸਭ ਪਸਾਰਾ ।
ਧਰਤ ਅਕਾਸ਼ ਚੰਦ ਸਿਤਾਰਾ ।
ਕਿਧਰੇ ਚਿੱਟਾ ਕਿਧਰੇ ਕਾਰਾ ।
ਪਰ ਬੇਰੰਗ ਕਹਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੫।

ਜਾਗ੍ਰਤ ਸੁਪਨ ਸਖੋਪਤ ਕਹਿੰਦੇ ।
ਤੁਰੀਆ ਛੋਡ ਪਰ੍ਹੇ ਹੋ ਰਹਿੰਦੇ ।
ਕਿਧਰੇ ਲਾ-ਮਕਾਨੀ ਬਹਿੰਦੇ ।
ਛੋਡ ਜਗ ਸਭ ਜਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੬।

ਸੁਪਨੇ ਅੰਦਰ ਦਿਲਬਰ ਪਾਇਆ ।
ਜਾਗੇ ਦੂਜਾ ਨਜ਼ਰ ਨਾ ਆਇਆ ।
ਨਹੀਂ ਕੁਝ ਪਾਇਆ ਨਹੀਂ ਗਵਾਇਆ ।
ਕਿਸ ਪਰ ਸ਼ੋਰ ਮਚਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੭।

ਪਾਲਾ ਸਿੰਘ ਹੁਣ ਕੀ ਕੁਝ ਗਾਈਏ ।
ਕਤਰੇ ਵਾਂਗ ਸਮੁੰਦ ਸਮਾਈਏ ।
ਉਸ ਨੂੰ ਮਿਲ ਓਹੀ ਹੋ ਜਾਈਏ ।
ਏਕ ਅਨੇਕ ਸਦਾਵਾਂ ਮੈਂ ।
ਕੀ ਦਿਲ ਦਾ ਭੇਤ ਸੁਨਾਵਾਂ ਮੈਂ ।੨੮।