ਜਿਹਨਾਂ ਦੇਦਿਆਂ ਨੇ ਤੇਰੀ ਦੀਦ ਲੁੱਟੀ, ਝਾਤ ਹੋਰ ਦੇ ਪਾ ਨਾ ਸਕਦੇ ਨੇਂ

ਜਿਹਨਾਂ ਦੇਦਿਆਂ ਨੇ ਤੇਰੀ ਦੀਦ ਲੁੱਟੀ, ਝਾਤ ਹੋਰ ਦੇ ਪਾ ਨਾ ਸਕਦੇ ਨੇਂ
ਤੀਰ ਨਜ਼ਰ ਤੇਰੀ ਦੇ ਮਜਰੂਹ ਪੰਛੀ, ਕਿਧਰੇ ਉੱਡ ਕੇ ਜਾ ਨਾ ਸਕਦੇ ਨੇਂ

ਤੇਰੇ ਇਸ਼ਕ ਫ਼ਿਆਜ਼ ਦੀ ਅੱਗ ਵਿਚੋਂ, ਲੱਭੀ ਸਦਾਬਹਾਰ ਗੁਲਜ਼ਾਰ ਮੈਨੂੰ
ਮੇਰੇ ਦਿਲ ਦੀਆਂ ਦਾਗ਼ਾਂ ਦੇ ਖੜੇ ਹੋਏ, ਫੁੱਲ ਕਦੀ ਮੁਰਝਾ ਨਾ ਸਕਦੇ ਨੇਂ

ਡਿੱਗਣ ਜੋ ਅਸਮਾਨਾਂ ਤੋਂ, ਉਨ੍ਹਾਂ ਤਾਈਂ ਜ਼ਮੀਨ ਡਿਗਦੀਆਂ ਸਾਰ ਪੜਛ ਲੈਂਦੀ
ਗਿਰ ਜਾਣ ਜਿਹੜੇ ਤੇਰੀ ਨਿਗਾਹ ਵਿਚੋਂ, ਕਿਧਰੇ ਪੈਰ ਜਮਾ ਨਾ ਸਕਦੇ ਨੇਂ

ਇਕ ਹੱਥ ਦੇ ਨਾਲ਼ ਵਜਾ ਤੋੜੀ, ਤੇਰੀਆਂ ਆਸ਼ਿਕਾਂ ਲੋਕਾਂ ਨੂੰ ਦੱਸ ਦਿੱਤਾ
ਤੂੰ ਜਿਹਨਾਂ ਨੂੰ ਕਦੀ ਨਹੀਂ ਯਾਦ ਕੀਤਾ, ਤੈਨੂੰ ਕਦੀ ਨਹੀਂ ਭੁਲਾ ਨਾ ਸਕਦੇ ਨੇਂ

ਐਵੇਂ ਤਾਂਘ ਦੀਦਾਰ ਦੀ ਰੱਖ ਬੈਠਾ ਏ, ਮੇਰੇ ਦਿਲ ਨਾਦਾਨ ਨੂੰ ਕੌਣ ਆਖੇ
ਖ਼ਵਾਬਾਂ ਵਿਚ ਜੋ ਆਉਣ ਤੋਂ ਸ਼ਰਮ ਕਰਦੇ, ਬਾਹਰ ਪੁਰਦਿਓਂ ਆ ਨਾ ਸਕਦੇ ਨੇਂ

ਵਿਜੇ ਹੋਏ ਜ਼ਬਾਨਾਂ ਨੂੰ ਜਿੰਦਰੇ ਨੀਂ, ਲੱਗੀ ਲਬਾਂ ਉਤੇ ਮੁਹਰ ਚੁੱਪ ਦੀ ਏ
ਜਿਹਨਾਂ ਕੋਲ਼ ਏ ਚੱਜ ਦੀ ਗੱਲ ਕੋਈ, ਕੋਈ ਗੱਲ ਸਮਝਾ ਨਾ ਸਕਦੇ ਨੇਂ

ਫ਼ਜ਼ਲ ਜਿਸ ਭਾਗਾਂ ਵਾਲੇ ਇਕੋ ਵਾਰੀ, ਉਹਦੇ ਵਸਦੇ ਕੂਚੇ ਦੀ ਸੈਰ ਕੀਤੀ
ਵਾਅਜ਼ ਜ਼ਿਕਰ ਬਹਿਸ਼ਤ ਦਾ ਛੇੜ ਕੇ ਤੇ, ਉਹਦਾ ਦਿਲ ਪਰਚਾ ਨਾ ਸਕਦੇ ਨੇਂ