ਕਿਹੜੇ ਪਾਸਿਓਂ ਆਇਆ ਵਾਂ ਤੇ ਕਿਹੜੇ ਪਾਸੇ ਚੱਲਾ ਮੈਂ

ਕਿਹੜੇ ਪਾਸਿਓਂ ਆਇਆ ਵਾਂ ਤੇ ਕਿਹੜੇ ਪਾਸੇ ਚੱਲਾ ਮੈਂ
ਚਾਰ ਚੁਫ਼ੇਰੇ ਖ਼ਲਕਤ ਏਨੀ, ਫ਼ਿਰ ਵੀ ਕਲਮ 'ਕੱਲਾ ਮੈਂ

ਹਾਲ ਮੇਰੇ ਦਾ ਮਹਿਰਮ ਰੱਬਾ ਤੂੰ ਯਾਂ ਮੇਰੀ ਅੰਬੜੀ ਉਹ
ਮੈਨੂੰ ਚੰਨ ਏ ਕਹਿੰਦੀ ਭਾਵੇਂ ਕੋਝਾ, ਕਮਲਾ, ਝੱਲਾ ਮੈਂ

ਛੱਪੜ ਕੰਢੇ ਉੱਗੇ ਦੁੱਬ ਦੇ ਬੂਟੇ ਮੈਨੂੰ ਆਖਿਆ ਇਹ
ਤੂੰ ਨਮਾਜ਼ੀ ਬਣ ਨਾ ਬਣ ਪਰ ਬਣਸਾਂ ਯਾਰ ਮਸੱਲਾ ਮੈਂ

ਡੰਗਰ ਕੋਈ ਚਰ ਚੁਰ ਲੈਂਦਾ ਮੇਰੀ ਜਾਨ ਵੀ ਛੁੱਟ ਜਾਂਦੀ
ਸੜਕੇ ਬੰਨੇ ਉੱਗਿਆ ਹੋਇਆ ਕਾਸ਼ ਕਿ ਹੁੰਦਾ ਤੱਲਾ ਮੈਂ

ਤੂੜੀ ਦੀ ਮੈਂ ਧੜ ਈ ਹੁੰਦਾ ਕੰਮ ਕਿਸੇ ਤੇ ਆ ਜਾਂਦਾ
ਖੇਤਰ ਨੁੱਕਰੇ ਪਿਆ ਪਰਾਲੀ ਦਾ ਈ ਹੁੰਦਾ ਟੱਲਾ ਮੈਂ

ਕੋਈ ਨਾਜ਼ ਉਠਾਵੇ ਕਿਉਂ ਮਿੱਟੀ ਨੂੰ ਗੱਲ ਲਾਵੇ ਕਿਉਂ
ਨਾ ਮੈਂ ਸੋਨਾ, ਚਾਂਦੀ, ਹੀਰਾ, ਨਾ ਮੁੰਦਰੀ ਨਾ ਛੱਲਾ ਮੈਂ

'ਕਮਰ' ਉਹ ਜਿਹੜੇ ਚੋਰਾਂ ਨੂੰ ਦਲਵਾਂਦੇ ਰੁਤਬੇ ਕੁਤਬਾਂ ਦੇ
ਉਨ੍ਹਾਂ ਦੇ ਦਰ ਬਹਿ ਗਿਆਂ ਠੂਠਾ ਲੈ ਕੇ ਮਾਰ ਪਥੱਲਾ ਮੈਂ