ਆਪਣੀਆਂ ਤੋਂ ਦੂਰੀ ਕੀ?
ਆਪਣੀਆਂ ਤੋਂ ਦੂਰੀ ਕੀ?
ਐਸੀ ਵੀ ਮਜਬੂਰੀ ਕੀ?
ਇਕ ਅਸਲ ਏ ਸਾਰਿਆਂ ਦੀ
ਖ਼ਾਕੀ, ਨਾਰੀ, ਨੂਰੀ ਕੀ?
ਚਾਹਤ ਤੇ ਬੱਸ ਚਾਹਤ ਏ
ਅੱਧੀ ਕੀ ਤੇ ਪੂਰੀ ਕੀ?
ਨਜ਼ਰਾਂ ਹੇਠ ਮਧੋਲ਼ ਨਾ ਦਿਲ
ਏਨੀ ਵੀ ਮਗ਼ਰੂਰੀ ਕੀ?
ਪਿਆਰ ਤੋਂ ਵੱਧ ਪਿਆਰੀ ਏ
ਝਿੜਕੀ ਕੀ ਤੇ ਘੂਰੀ ਕੀ?
ਆ ਜਾ ! ਬਣੇ ਲਾ ਲੀਏ
ਛੱਡਣੀ ਗੱਲ ਅਧੂਰੀ ਕੀ?
ਕੀ ਪ੍ਰਵਾਹ ਏ ਆਸ਼ਿਕ ਨੂੰ
ਰੁਸਵਾਈ, ਮਸ਼ਹੂਰੀ ਕੀ?
ਤੇਰੇ ਸਾਹਵਾਂ ਦੀ ਖ਼ੁਸ਼ਬੂ
ਹੋਰ ਭਲਾ ਕਸਤੂਰੀ ਕੀ?
ਰੁੱਖੀ ਸੁਖੀ ਲੱਭ ਜਾਵੇ
ਮਜ਼ਦੂਰਾਂ ਨੂੰ ਚੋਰੀ ਕੀ?
ਜੱਗ ਵਿਚ ਸ਼ਾਹਿਦ ਪਿਆਰ ਤੋਂ ਵੱਧ
ਕੋਈ ਕੰਮ ਜ਼ਰੂਰੀ ਕੀ?
Reference: Ruttan Aje Alanian; Page 95