ਅਜੀਬ ਕੈਫ਼ੀਅਤ ਹੈ

ਅਜੀਬ ਕੈਫ਼ੀਅਤ ਹੈ
ਸਵੇਰ ਦੀ ਸੱਜਰੀ ਹਵਾ ਦਾ ਬੁਲਾ ਵੀ
ਬਦਨ ਦਾ ਮਾਸ ਸਾੜ ਰਿਹਾ ਹੈ
ਖੜੇ ਗੁਲਾਬਾਂ ਦੇ ਚਿਹਰਿਆਂ ਦੀ ਬਣਾਵਟੀ ਸੁਰਖ਼ੀ
ਕਲੇਜਾ ਪਾੜ ਰਹੀ ਹੈ
ਮੰਜ਼ਰ ਉਜਾੜ ਰਹੀ ਹੈ

ਅਜੀਬ ਕੈਫ਼ੀਅਤ ਹੈ
ਜਿਵੇਂ ਰਾਤ ਦੇ ਪਿਛਲੇ ਪਹਿਰ ਚੀਕਦੇ ਸ਼ਹਿਰ ਦੇ ਕਿਨਾਰਿਆਂ ਤੇ ਖਿਲਰੇ ਵੀਰਾਨ ਖੇਤਾਂ ਚੇ
ਭੂਤਾਂ ਦਾ ਵੈਣ ਪੈਂਦਾ ਹੈ
ਖੇਤਾਂ ਦੇ ਨਾਲ਼ ਖਲੋਤੀ ਪੁਰਾਣੀ ਪਿੱਪਲੀ ਦੇ ਹੇਠ ਚਲਦੇ ਖੂਹ ਦਾ ਪਾਣੀ ਵੀ ਦਰਦ ਸਹਿੰਦਾ ਹੈ

ਅਜੀਬ ਕੈਫ਼ੀਅਤ ਹੈ
ਜਿਵੇਂ ਵਸਤੀ ਤੋਂ ਦੂਰ ਬਹੁਤ ਦੂਰ ਕਿਸੇ ਡਿਗਦੇ ਮਕਾਨ ਅੰਦਰ
ਕੋਈ ਮੌਤ ਦੇ ਬਿਸਤਰ ਚੇ ਆਖ਼ਰੀ ਪਨਾਹ ਲੈਂਦਾ ਹੈ
ਤੇ ਖਿੱਚ ਕੇ ਸਾਹ ਲੈਂਦਾ ਹੈ

ਅਜੀਬ ਕੈਫ਼ੀਅਤ ਹੈ
ਰੇਸ਼ਮੀ ਖ਼ਾਬ ਚੇ ਲਿਪਟੀਆਂ ਸੰਦਲੀ ਬਾਂਹਵਾਂ ਨੇਂ
ਕਾਫ਼ ਦੀਆਂ ਪਰੀਆਂ ਤੇ ਹਸੀਨ ਰਾਹਵਾਂ ਨੇਂ
ਪਰ ਫ਼ਿਰ ਵੀ ਰੂਹ ਦੇ ਮਕਾਨ ਅੰਦਰ
ਸ਼ੋਰ ਹੀ ਸ਼ੋਰ ਹੈ
ਸ਼ੋਰ ਪਾਂਦੀਆਂ ਹਾਵਾਂ ਨੇਂ
ਅਜੀਬ ਕੈਫ਼ੀਅਤ ਹੈ......!