ਸ਼ੁਰੂ ਉਸ ਦੇ ਨਾਮ ਤੋਂ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਮੌਸਮਾਂ ਦੀ ਚੁੰਨੀ ਨੂੰ ਰੰਗ ਦਿੱਤੇ
ਜਿਹਨੇ ਦਿੱਤਾ ਏ ਚਾਨਣ ਦੀਵਿਆਂ ਨੂੰ
ਫ਼ਿਰ ਦੀਵੇ ਅਸਮਾਨ ਤੇ ਟੰਗ ਦਿੱਤੇ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਧਰਤੀ ਨੂੰ ਸੂਰਜ ਦੀ ਅੱਗ ਦਿੱਤੀ
ਜਿਹਨੇ ਰੱਖੀ ਏ ਲਾਜ ਨਿਮਾਣਿਆਂ ਦੀ
ਜਿਹਨੇ ਰੁੱਖਾਂ ਦੇ ਸਿਰਾਂ ਤੇ ਪੱਗ ਦਿੱਤੀ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਕਿੱਕਰਾਂ ਨੂੰ ਅੰਬਰ ਦੀ ਛਾਂ ਦਿੱਤੀ
ਜਿਹਨੇ ਗੁੰਨ੍ਹਿਆ ਏ ਰੂਹ ਨੂੰ ਮਿੱਟੀ ਅੰਦਰ
ਫ਼ਿਰ ਮਿੱਟੀ ਨੂੰ ਮਿੱਟੀ ਤੇ ਥਾਂ ਦਿੱਤੀ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਖੋਲ੍ਹੀਆਂ ਨੇਂ ਪਰਤਾਂ ਅਸਮਾਨ ਦੀਆਂ
ਜਿਹਨੇ ਰੱਖੇ ਨੇਂ ਭਰਮ ਜਵਾਨੀਆਂ ਦੇ
ਜਿਹਨੇ ਕੱਜੀਆਂ ਨੇਂ ਸ਼ਰਮਾਂ ਜਹਾਨ ਦੀਆਂ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਪਾਣੀ ਨੂੰ ਬੱਦਲਾਂ ਦੇ ਘਰ ਦਿੱਤੇ
ਜਿਹਨੇ ਡੱਕੇ ਨੇਂ ਜ਼ੋਰ ਹਵਾਵਾਂ ਦੇ
ਜਿਹਨੇ ਚਿੜੀਆਂ ਦੇ ਉੱਡਣ ਨੂੰ ਪਰ ਦਿੱਤੇ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਰੋਹੀ ਦੇ ਬੁਲ੍ਹਾਂ ਤੇ ਤਿਸ ਰੱਖੀ
ਜਿਹਨੇ ਕੱਢਿਆ ਏ ਆਦਮ ਜੰਤਾਂ ਚੋਂ
ਜਿਹਨੇ ਕਣਕਾਂ ਦੇ ਦਾਣਿਆਂ ਚੇ ਚੱਸ ਰੱਖੀ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਅੱਖੀਆਂ ਨੂੰ ਰੇਸ਼ਮ ਦੇ ਖ਼ਾਬ ਦਿੱਤੇ
ਜਿਹਨੇ ਦਿੱਤੀਆਂ ਨੇਂ ਰੁੱਤਾਂ ਬਹਾਰ ਦੀਆਂ
ਫ਼ਿਰ ਰੁੱਤਾਂ ਨੂੰ ਸੁਰਖ਼ ਗੁਲਾਬ ਦਿੱਤੇ

ਸ਼ੁਰੂ ਉਸ ਦੇ ਨਾਮ ਤੋਂ
ਜਿਹਨੇ ਰਾਤਾਂ ਦੇ ਨਾਲ਼ ਸਵੇਰ ਰੱਖੀ
ਜਿਹਨੇ ਘੱਲੇ ਨੇਂ ਦੁੱਖ ਜ਼ਮੀਨ ਅੰਦਰ
ਨਾਲ਼ ਖ਼ੁਸ਼ੀਆਂ ਦੀ ਭਰ ਕੇ ਚੰਗੇਰ ਰੱਖੀ