ਕਿਹੜੀ ਰਾਤ ਦੇ ਕਿਨਾਰੇ

ਕਿਹੜੀ ਰਾਤ ਦੇ ਕਿਨਾਰੇ ਆਣ ਖਲੋਤਾ ਵਾਂ
ਦੂਰ ਦੂਰ ਤਕ
ਸਵੇਰ ਦਾ ਕੋਈ ਨਿਸ਼ਾਨ ਨਹੀਂ ਏ
ਕੱਚੇ ਵਿਹੜੇ ਚ ਹਰੇ ਕਿੱਕਰ ਦਾ ਰੁੱਖ ਹੈ
ਰੋਂਦੀਆਂ ਤੇ ਕੁਰਲਾਂਦੀਆਂ ਕੰਧਾਂ ਦੇ ਵੈਣ ਨੇਂ

ਕਿਹੜੀ ਰਾਤ ਦੇ ਕਿਨਾਰੇ ਆਣ ਖਲੋਤਾ ਵਾਂ
ਚਮਗਾਦੜਾਂ
ਘਰ ਦੀਆਂ ਛੱਤਾਂ ਤੇ ਪੱਠਿਆਂ ਲਮਕੀਆਂ
ਡੇਲੇ ਕੱਢ ਕੱਢ ਡਰਾਣ ਡਈਆਂ ਨੇਂ
ਉੱਲੂਵਾਂ ਦੀ ਹੂਕ
ਚੁੱਪ ਦੇ ਸਮੇ ਅੰਦਰ
ਕਲੇਜਾ ਚੀਰ ਕੇ ਲੰਘ ਜਾਂਦੀ ਹੈ
ਚਾਰੇ ਪਾਸੇ ਚੁੱਪ ਹੈ
ਲੰਮੀ ਚੁੱਪ ਹੈ
ਚੁੱਪ ਦੇ ਜੰਦਰੇ ਤੋੜ ਕੇ ਤੇਰਾ ਨਾਂ ਲੈਂਦਾ ਹਾਂ
ਤੇ ਸੁੱਤੀਆਂ ਕੰਧਾਂ
ਇਕ ਦਮ ਚੀਕ ਮਾਰ ਕੇ ਜਾਗ ਜਾਂਦੀਆਂ ਨੇਂ
ਯਾਦ ਦਾ ਕੋਠਾ ਢਾ ਦਿੰਦੀਆਂ ਨੇਂ

ਕਿਹੜੀ ਰਾਤ ਦੇ ਕਿਨਾਰੇ ਆਣ ਖਲੋਤਾ ਵਾਂ
ਅਨ੍ਹੇਰ ਹੈ
ਘੁੱਪ ਅਨ੍ਹੇਰ ਹੈ
ਘਰ ਦੀ ਅੰਗੀਠੀ ਤੇ ਝਾਤੀ ਮਾਰਦਾ ਹਾਂ
ਤੇ ਉਹ ਵੀ ਸੁੰਜੀ ਪਈ ਏ
ਕੰਚ ਦਾ ਗਲਾਸ ਹੈ ਜਿਹਦੇ ਕਿਨਾਰਿਆਂ ਤੇ
ਤੇਰੀਆਂ ਬੁਲ੍ਹਿਆਂ ਦਾ ਰਸ ਜੰਮਿਆ ਏ
ਇਕ ਮਿੱਟੀ ਦਾ ਪਿਆਲਾ ਹੈ ਜਿਹਦੇ ਵਿਚੋਂ
ਤੇਰੇ ਸਾਹਵਾਂ ਦੀ ਸੱਜਰੀ ਖ਼ੁਸ਼ਬੂ ਆਂਦੀ ਹੈ
ਹੋਰ ਕੁੱਝ ਵੀ ਨਹੀਂ ਏ
ਹਾਂ... ਵਿਹੜੇ ਦਾ ਉਦਾਸ ਕਿੱਕਰ ਹੈ
ਜਿਹਦੀ ਟਹਿਣੀਆਂ ਤੇ ਲਮਕੇ ਆਹਲਣਿਆਂ ਚ
ਰੋਂਦੇ ਖ਼ਾਬ ਤੇ ਚੀਕਦੀਆਂ ਯਾਦਾਂ ਨੇਂ

ਕਿਹੜੀ ਰਾਤ ਦੇ ਕਿਨਾਰੇ ਆਣ ਖਲੋਤਾ ਵਾਂ
ਮੈਂ ਕਦੀ ਕੰਚ ਦੇ ਗਲਾਸ ਦੇ ਕਿਨਾਰਿਆਂ ਤੇ ਲੱਗੇ
ਹੋਠਾਂ ਦੇ ਨਿਸ਼ਾਨ ਵੇਖਦਾ ਹਾਂ
ਕੱਚੀ ਮਿੱਟੀ ਦੇ ਪਿਆਲੇ ਚੇ ਗਵਾਚੇ
ਸੁਫ਼ਨਿਆਂ ਦੇ ਪੈਰ ਗੋਲਦਾ ਹਾਂ
ਕਦੀ ਕਿੱਕਰ ਦੇ ਹੇਠ ਪਏ ਮੰਜੇ ਦੀ
ਰੋਂਦੀ ਅੱਖ ਵੇਖਦਾ ਹਾਂ
ਲੰਮੀ ਚੁੱਪ ਵੇਖਦਾ ਹਾਂ
ਅਨ੍ਹੇਰ ਘੁੱਪ ਵੇਖਦਾ ਹਾਂ
ਕਿਹੜੀ ਰਾਤ ਦੇ ਕਿਨਾਰੇ ਆਣ ਖਲੋਤਾ ਵਾਂ