ਆਂਦੀ ਹੈ ਪਰ ਤੇਰੇ ਆਣ ਤੋਂ ਬਾਅਦ ਨਹੀਂ

ਆਂਦੀ ਹੈ ਪਰ ਤੇਰੇ ਆਣ ਤੋਂ ਬਾਅਦ ਨਹੀਂ
ਇਹ ਨਾ ਸਮਝੀਂ ਮੈਨੂੰ ਤੇਰੀ ਯਾਦ ਨਹੀਂ

ਤੈਨੂੰ ਵੇਖ ਕੇ ਜਿਸ ਦੇ ਹੋਸ਼ ਸਲਾਮਤ ਰਹਿਣ
ਹੋ ਸਕਦਾ ਹੈ ਕੁਝ ਵੀ, ਆਦਮ ਜ਼ਾਦ ਨਹੀਂ

ਕਿਥੋਂ ਸਿੱਖਿਆ ਠੀਕ ਨਿਸ਼ਾਨਾ ਲਾਣ ਦਾ ਵੱਲ
ਇਹ ਨਾ ਆਖੀਂ ਮੇਰਾ ਕੋਈ ਉਸਤਾਦ ਨਹੀਂ

ਮੈਂ ਅਕਲਾਪੇ ਸ਼ਹਿਰ ਦਾ ਵਾਸੀ ਅਜ਼ਲਾਂ ਤੋਂ
ਮੇਰਾ ਕੋਈ ਪਰਛਾਵਾਂ ਕੋਈ ਹਮਜ਼ਾਦ ਨਹੀਂ

ਕਿਹੜਾ ਤੇਰੀ ਅੱਖ ਦੇ ਵਾਰ ਤੋਂ ਬਚਿਆ ਹੈ
ਕਿਹੜਾ ਤੇਰੇ ਇਸ਼ਕ ਦੇ ਵਿਚ ਬਰਬਾਦ ਨਹੀਂ

ਮੈਂ ਸ਼ਾਇਰ ਹਾਂ ਸ਼ਾਇਰ ਨਵੇਂ ਜ਼ਮਾਨੇ ਦਾ
ਮੈਂ ਰਾਂਝਾ ਮੈਂ ਮਜਨੂੰ ਮੈਂ ਫ਼ਰਹਾਦ ਨਹੀਂ

ਤੂੰ ਤੇ ਮੇਰੇ ਖ਼ਾਬ ਈ ਵੱਢ ਕੇ ਸੁੱਟ ਦਿੱਤੇ
ਮੈਂ ਸੁਣਿਆ ਸੀ ਹਾਕਮ ਏਂ, ਜੱਲਾਦ ਨਹੀਂ

ਤੇਰੇ ਛੱਡ ਕੇ ਜਾਣ ਤੋਂ ਬਾਅਦ ਕਿਆਮਤ ਏ
ਤੇਰੇ ਬਾਝੋਂ ਇਕ ਵੀ ਸ਼ਹਿਰ ਆਬਾਦ ਨਹੀਂ

ਜਿਥੇ ਚਾਹਵੇ , ਜਦ ਵੀ ਚਾਹਵੇ ਮਾਰ ਦਵੇ
ਵੇਲੇ ਅੱਗੇ ਸਾਡੀ ਕੋਈ ਫ਼ਰਿਆਦ ਨਹੀਂ