ਠਹਿਰ ਜ਼ਰਾ ਸੋਚ ਵਾਲੀ ਚਰਖ਼ੀ ਘੁਮਾਣ ਦੇ

ਠਹਿਰ ਜ਼ਰਾ ਸੋਚ ਵਾਲੀ ਚਰਖ਼ੀ ਘੁਮਾਣ ਦੇ
ਕੌਣ ਏਂ ਤੇ ਕੀ ਏਂ ਤੂੰ ਜ਼ਿਹਨ ਤੇ ਲੜਾਨ ਦੇ

ਹੋਰ ਕਿਤੇ ਵੇਖੇਂ ਗਾ ਤੇ ਸ਼ਿਅਰ ਭੁੱਲ ਜਾਏਂ ਗਾ
ਮੇਰੇ ਵੱਲ ਵੇਖ ਮੇਰੇ ਸ਼ਿਅਰਾਂ ਤੇ ਧਿਆਣ ਦੇ

ਰੂਹ ਤੱਕ ਆ ਗਿਆ ਹਨੇਰ ਏਸ ਰਾਤ ਦਾ
ਥੋੜੀ ਜਿਨੀ ਰੌਸ਼ਨੀ ਤੇ ਮੇਰੇ ਵੱਲ ਆਣ ਦੇ

ਜੰਗ ਦੀ ਨਾ ਗੱਲ ਕਰ ਜੰਗ ਹਾਲੀ ਰਹਿਣ ਦੇ
ਪਿਆਰ ਵਾਲਾ ਗੀਤ ਮੈਨੂੰ ਪਿਆਰ ਨਾਲ਼ ਗਾਣ ਦੇ

ਮਾੜੇ ਆਂ ਤੇ ਕੋਈ ਨਹੀਂ, ਸਾਡਾ ਵੀ ਤੇ ਜੀ ਏ
ਕਦੀ ਕਦੀ ਦਿਲ ਵਾਲੀ ਸਾਨੂੰ ਵੀ ਸੁਨਾਣ ਦੇ

ਪਿੰਡ ਨਾਲ਼ ਪਿਆਰ ਏ ਤੇ ਪਿੰਡ ਵਿਚ ਬੈਠੇ ਆਂ
ਸ਼ਹਿਰਾਂ ਤੱਕ ਪਹੁੰਚ ਗਏ ਨੇਂ ਕਈ ਮੇਰੇ ਹਾਣ ਦੇ