ਆਏ ਸਨ ਜੋ ਹਾਸਾ ਕਰ ਕੇ

ਆਏ ਸਨ ਜੋ ਹਾਸਾ ਕਰ ਕੇ
ਟੁਰ ਗਏ ਹੋਰ ਉਦਾਸਾ ਕਰ ਕੇ

ਠਿਲਨੀ ਪਏ ਗਈ ਅੱਖ ਬਿਗਾਨੀ
ਦਿਲ ਸਦਾ ਦਿਓਦਾਸਾ ਕਰ ਕੇ

ਆਹਮੋਂ ਸਾਹਮਣੇ ਜੋਗ ਨਹੀਂ ਸਾਂ
ਲੰਘਣਾ ਸੀ ਕਿਉਂ ਪਾਸਾ ਕਰ ਕੇ

ਵਾਂਗ ਪਤਾਸੇ ਰੰਗ ਨਹੋੜੇ
ਖੁਰ ਗਏ ਮਾਸਾ ਮਾਸਾ ਕਰ ਕੇ

ਇਸ਼ਕ ਇਮਾਨੋਂ ਗਏ ਜਿਨ੍ਹਾਂ ਖ਼ੁਦ
ਛੱਡਿਆ ਬੇ ਵਸਵਾਸਾ ਕਰ ਕੇ

ਜੇ ਨਾ ਮਾਰੇ ਅਘ ਅਗਮ ਦਾ
ਦੱਸੀਏ ਖੋਲ ਖ਼ੁਲਾਸਾ ਕਰ ਕੇ

ਮੂੰਹੋ ਮੂੰਹ ਸੁਣ ਭਰੀਆਂ ਨੇਂ ਤਾਂ
ਅੱਖਾਂ ਧਰ ਦੇ ਕਾਸਾ ਕਰ ਕੇ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 54 ( ਹਵਾਲਾ ਵੇਖੋ )