ਅਸਾਂ ਤਲਬ ਸਾਈਂ ਦੇ ਨਾਮ ਦੀ

ਚੋਰ ਕਰਨ ਨਿੱਤ ਚੋਰੀਆਂ
ਅਮਲੀ ਨੂੰ ਅਮਲਾਂ ਦੀ ਘੋੜੀਆਂ
ਕਾਮੀ ਨੂੰ ਚਿੰਤਾ ਕਾਮ ਦੀ

ਅਸਾਂ ਤਲਬ ਸਾਈਂ ਦੇ ਨਾਮ ਦੀ

ਪਾਤਸ਼ਾਹਾਂ ਨੂੰ ਪਾਤਸ਼ਾਹੀਆਂ
ਸ਼ਾਹਾਂ ਨੂੰ ਉਗਰਾਹੀਆਂ
ਮਹਿਰ ਨੂੰ ਪਿੰਡ ਗਰਾਓਂ ਦੀ

ਅਸਾਂ ਤਲਬ ਸਾਈਂ ਦੇ ਨਾਮ ਦੀ

ਇੱਕ ਬਾਜ਼ੀ ਪਾਈਆਂ ਸਾਈਆਂ
ਇੱਕ ਅਚਰਜ ਖੇਲ ਨਿਬਾਹੀਆਂ
ਸਭ ਖੇਡ ਖੇਡ ਘਰ ਆਉਂਦੀ

ਅਸਾਂ ਤਲਬ ਸਾਈਂ ਦੇ ਨਾਮ ਦੀ

ਲੋਕ ਕਰਨ ਲੜਾਈਆਂ
ਸ਼ਰਮ ਰੱਖੀਂ ਤੂੰ ਸਾਈਆਂ
ਸਭ ਮਰ ਮਰ ਖ਼ਾਕ ਸਮਾਉਂਦੀ

ਅਸਾਂ ਤਲਬ ਸਾਈਂ ਦੇ ਨਾਮ ਦੀ

ਇੱਕ ਸ਼ਾਹ ਹੁਸੈਨ ਫ਼ਕੀਰ ਹੈ
ਤੁਸੀਂ ਨਾ ਕੋਈ ਆਖੋ ਪੀਰ ਹੈ
ਅਸਾਂ ਕੂੜੀ ਗੱਲ ਨਾ ਭਾਉਂਦੀ

ਅਸਾਂ ਤਲਬ ਸਾਈਂ ਦੇ ਨਾਮ ਦੀ