ਡੇਖ ਨਾ ਮੈਂਡੇ ਅਵਗੁਣ ਡਾਹੂੰ

ਡੇਖ ਨਾ ਮੈਂਡੇ ਅਵਗੁਣ ਡਾਹੂੰ, ਤੇਰਾ ਨਾਮ ਸੱਤਾਰੀ ਦਾ

ਤੂੰ ਸੁਲਤਾਨ ਸਭੋ ਕੁਝ ਸਰਦਾ
ਮਾਲਮ ਹੈ ਤੈਨੂੰ ਹਾਲ ਜਿਗਰ ਦਾ
ਤੈਂ ਕੋਲੋਂ ਕਛੁ ਨਾਹੀਂ ਪੜਦਾ
ਫੋਲ ਨਾ ਐਬ ਵਿਚਾਰੀ ਦਾ
ਤੂੰ ਹੀ ਆਕਲ ਤੂੰ ਹੀ ਦਾਨਾ
ਤੂੰ ਹੀ ਮੇਰਾ ਕਰਿ ਖਸਮਾਨਾ
ਜੋ ਕੁਛ ਦਿਲ ਮੇਰੇ ਵਿਚ ਗੁਜ਼ਰੇ
ਤੂੰ ਮਹਰਮ ਗੱਲ ਸਾਰੀ ਦਾ
ਤੂੰ ਹੈਂ ਦਾਤਾ ਤੂੰ ਹੈਂ ਭਗਤਾ
ਸਭ ਕੁਝ ਦੇਂਦਾ ਮੂਲ ਨਾ ਝੁਕਦਾ
ਤੂੰ ਦਰਿਆਉ ਮਿਹਰ ਦਾ ਵਹਿੰਦਾ
ਮਾਂਗਨਿ ਕੁਰਬ ਭਿਖਾਰੀ ਦਾ
ਏਹੁ ਅਰਜ ਹੁਸੈਨ ਸੁਣਾਵੇ
ਤੇਰਾ ਕੀਤਾ ਮੈਂ ਮਨ ਭਾਵੇ
ਦੁਖ ਦਰਦ ਕੁਝ ਨੇੜਿ ਨਾ ਆਵੇ
ਹਰ ਦਮ ਸ਼ੁਕਰ ਗੁਜ਼ਾਰੀ ਦਾ