ਹੱਸ ਹੱਸ ਆਖਣ ਕੁੜੀਆਂ ਬਾਲੇ ਅੱਖਾਂ ਨੂੰ

ਹੱਸ ਹੱਸ ਆਖਣ ਕੁੜੀਆਂ ਬਾਲੇ ਅੱਖਾਂ ਨੂੰ
ਲੱਗ ਜਾਵਣ ਤੇ ਕੌਣ ਸੰਭਾਲੇ ਅੱਖਾਂ ਨੂੰ

ਰੱਖਿਆ ਕੀ ਏ ਖ਼ੌਰੇ ਉਹਦੇ ਸੀਨੇ ਵਿਚ
ਦਿਲ ਹੋਵੇ ਤੇ ਕਿਸਰਾਂ ਟਾਲੇ ਅੱਖਾਂ ਨੂੰ

ਪਹਿਲੋਂ ਅੱਖਾਂ ਹੋਣ ਹਵਾਲੇ ਅੱਖਾਂ ਦੇ
ਬਾਦੋਂ ਅੱਖਾਂ ਦੇਣ ਹਵਾਲੇ ਅੱਖਾਂ ਨੂੰ

ਸੱਜਣ ਅੱਖਾਂ, ਅੱਖਾਂ ਵਿਚ ਨਿਚੋੜ ਗਿਆ
ਐਵੇਂ ਤੇ ਨਹੀਂ ਮਿਲੇ ਉਜਾਲੇ ਅੱਖਾਂ ਨੂੰ

ਸਾਰੇ ਸੁਫ਼ਨੇ ਸੜ ਕੇ ਕੋਲ਼ਾ ਹੋ ਗਏ ਨੇਂ
ਅੱਗਾਂ ਲਾ ਗਏ ਦੀਵੇ ਬਾਲੇ ਅੱਖਾਂ ਨੂੰ

ਤਾਹਿਰਾ ਕਾਣੀ ਅੱਖੀਂ ਵੇਹੰਦੇ ਰਹਿੰਦੇ ਨੇਂ
ਮੰਜ਼ਰ ਉਹੋ ਵੇਖੇ ਭਾਲੇ ਅੱਖਾਂ ਨੂੰ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ 2018؛ ਸਫ਼ਾ 26 ( ਹਵਾਲਾ ਵੇਖੋ )