ਵਾਅਦੇ ਪੂਰੇ ਕਰ ਨਈਂ ਜਾਂਦਾ

ਵਾਅਦੇ ਪੂਰੇ ਕਰ ਨਈਂ ਜਾਂਦਾ
ਸੋਚ ਰਹਿਆਂ ਕਿਉਂ ਮਰ ਨਈਂ ਜਾਂਦਾ

ਜਿਸ ਦਿਨ ਨਾ ਮਜ਼ਦੂਰੀ ਲੱਭੇ
ਬੂਹੇ ਵੱਲੋਂ ਘਰ ਨਈਂ ਜਾਂਦਾ

ਕਾਂਵਾਂ ਤੱਕ ਨੂੰ ਜ਼ਾਤ ਪਿਆਰੀ
ਬੰਦਾ ਸੁਣ ਕੇ ਮਰ ਨਈਂ ਜਾਂਦਾ

ਮੇਰਾ ਸੀਨਾ ਦਮ ਕਰਵਾਓ
ਮੇਰੇ ਅੰਦਰੋਂ ਡਰ ਨਈਂ ਜਾਂਦਾ

ਸਿਰ ਸਾਹਵਾਂ ਦੀ ਪੰਡ ਨਈਂ ਹੁੰਦੀ
ਮੁਰਦਾ ਐਵੇਂ ਤਰ ਨਈਂ ਜਾਂਦਾ

ਇੰਜ ਕਲੀਮ ਨੇ ਨੀਵੀਂ ਸੁੱਟੀ
ਜਿਸਰਾਂ ਬੰਦਾ ਹਰ ਨਈਂ ਜਾਂਦਾ

ਹਵਾਲਾ: ਬਰਫ਼ਾਂ ਹੇਠ ਤੰਦੂਰ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 81 ( ਹਵਾਲਾ ਵੇਖੋ )