ਮੈਂ ਅੰਬਰਾਂ ਤੇ ਰਹਿ ਨਹੀਂ ਸਕਦਾ

ਮੈਂ ਅੰਬਰਾਂ ਤੇ ਰਹਿ ਨਹੀਂ ਸਕਦਾ
ਉਹ ਧਰਤੀ ਤੇ ਲਹਿ ਨਹੀਂ ਸਕਦਾ

ਤੂੰ ਏਂ ਉਹ ਖ਼ਿਆਲ ਮੈਂ, ਜਿਹਨੂੰ
ਸ਼ਿਅਰਾਂ ਵਿਚ ਵੀ ਕਹਿ ਨਹੀਂ ਸਕਦਾ

ਥੋੜੀ ਜਿਹੀ ਮਿਕਦਾਰ ਘਟਾ ਦੇ
ਇੰਨਾਂ ਦਰਦ ਮੈਂ ਸਹਿ ਨਹੀਂ ਸਕਦਾ

ਆਪਣੇ ਹੱਥੀਂ ਲਾਏ ਰੁਖ ਦੀ
ਛਾਵੇਂ ਵੀ ਮੈਂ ਬਹਿ ਨਹੀਂ ਸਕਦਾ

ਇਦੇ ਨੈਂਣਾ ਵਿਚ ਖ਼ਾਬ ਨੇਂ ਸਾਡੇ
ਇਹ ਘਰ ਐਵੇਂ ਢੈ ਨਹੀਂ ਸਕਦਾ